ਰਿਲੀਜ਼ ਦੇ ਦਿਨ ਤੋਂ ਹੀ ਸਾਰੇ ਦਰਸ਼ਕ ਵਿਵਾਦਾਂ ‘ਚ ਘਿਰੀ ਫਿਲਮ ‘ਆਦਿਪੁਰਸ਼’ ਦੇ ਕੁਝ ਡਾਇਲਾਗਾਂ ਅਤੇ ਦ੍ਰਿਸ਼ਾਂ ਨੂੰ ਲੈ ਕੇ ਲਗਾਤਾਰ ਇਤਰਾਜ਼ ਉਠਾ ਰਹੇ ਹਨ। ਇਸ ਦੇ ਲਈ ਐਡਵੋਕੇਟ ਕੁਲਦੀਪ ਤਿਵਾਰੀ ਨੇ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ‘ਚ ਪਟੀਸ਼ਨ ਵੀ ਦਾਇਰ ਕੀਤੀ ਸੀ। ਸੋਮਵਾਰ ਨੂੰ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਆਦਿਪੁਰਸ਼ ‘ਚ ਵਿਵਾਦਿਤ ਡਾਇਲਾਗਸ ਅਤੇ ਦ੍ਰਿਸ਼ਾਂ ਨੂੰ ਕਲੀਅਰ ਕਰਨ ‘ਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ.ਬੀ.ਐੱਫ.ਸੀ.) ਅਤੇ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ‘ਤੇ ਸਖਤ ਝਾੜ ਪਾਈ। ਅਦਾਲਤ ਨੇ ਇੱਥੋਂ ਤੱਕ ਕਿਹਾ ਕਿ ‘ਘੱਟੋ-ਘੱਟ ਧਾਰਮਿਕ ਗ੍ਰੰਥ ਜਿਵੇਂ ਰਾਮਾਇਣ, ਪਵਿੱਤਰ ਕੁਰਾਨ, ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਨੂੰ ਤਾਂ ਬਖ਼ਸ਼ ਦਿਓ।’
ਜਸਟਿਸ ਰਾਜੇਸ਼ ਸਿੰਘ ਚੌਹਾਨ ਅਤੇ ਜਸਟਿਸ ਸ਼੍ਰੀਪ੍ਰਕਾਸ਼ ਸਿੰਘ ਦੇ ਡਿਵੀਜ਼ਨ ਬੈਂਚ ਨੇ ਕੁਲਦੀਪ ਤਿਵਾੜੀ ਵੱਲੋਂ ਦਾਇਰ ਰਿਵੀਜ਼ਨ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਫਿਲਮ ਦੇ ਵਿਵਾਦਿਤ ਡਾਇਲਾਗਾਂ ਅਤੇ ਦ੍ਰਿਸ਼ਾਂ ਦਾ ਗੰਭੀਰ ਨੋਟਿਸ ਲਿਆ ਹੈ। ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਵਕੀਲ ਰੰਜਨਾ ਅਗਨੀਹੋਤਰੀ ਨੇ ਅਦਾਲਤ ਦੇ ਸਾਹਮਣੇ ਵਿਵਾਦਿਤ ਦ੍ਰਿਸ਼ਾਂ ਅਤੇ ਡਾਇਲਾਗਾਂ ਨੂੰ ਸੂਚੀਬੱਧ ਕੀਤਾ।
ਉਸ ਨੇ ਦੱਸਿਆ ਕਿ ‘ਅਦਾਲਤ ਨੇ ਸਾਡੇ ਸਾਰੇ ਇਤਰਾਜ਼ਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਅਜਿਹੀ ਫਿਲਮ ਨੂੰ ਰਿਲੀਜ਼ ਕਰਨ ਲਈ ਸੈਂਸਰ ਬੋਰਡ ‘ਤੇ ਗੰਭੀਰ ਟਿੱਪਣੀ ਕੀਤੀ ਹੈ।’ ਵਕੀਲ ਨੇ ਕਿਹਾ ਕਿ ”ਅਦਾਲਤ ਨੇ ਸੈਂਸਰ ਬੋਰਡ ਨੂੰ ਰਾਮਾਇਣ, ਕੁਰਾਨ, ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਵਰਗੇ ਧਾਰਮਿਕ ਗ੍ਰੰਥਾਂ ਨਾਲ ਛੇੜਛਾੜ ਕਰਨ ਤੋਂ ਗੁਰੇਜ਼ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।
ਅਗਨੀਹੋਤਰੀ ਨੇ ਕਿਹਾ ਕਿ “ਅਦਾਲਤ ਨੇ ਆਦਿਪੁਰਸ਼ ਦੇ ਡਾਇਲਾਗਾਂ ਦੇ ਸਹਿ-ਲੇਖਕ ਮਨੋਜ ਮੁਨਤਾਸ਼ੀਰ ਨੂੰ ਕੇਸ ਵਿੱਚ ਇੱਕ ਧਿਰ ਵਜੋਂ ਸ਼ਾਮਲ ਕਰਨ ਦੀ ਸਾਡੀ ਅਰਜ਼ੀ ਨੂੰ ਵੀ ਸਵੀਕਾਰ ਕਰ ਲਿਆ ਹੈ। ਇਸ ‘ਤੇ ਅੰਤਿਮ ਸੁਣਵਾਈ ਮੰਗਲਵਾਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਚੀਫ਼ ਜਸਟਿਸ ਰਾਜੇਸ਼ ਬਿੰਦਲ ਅਤੇ ਜਸਟਿਸ ਬ੍ਰਿਜ ਰਾਜ ਸਿੰਘ ਦੀ ਡਿਵੀਜ਼ਨ ਬੈਂਚ ਨੇ ਇਸ ਸਾਲ 10 ਜਨਵਰੀ ਨੂੰ ਫਿਲਮ ਆਦਿਪੁਰਸ਼ ਦੀ ਸਮੱਗਰੀ ‘ਤੇ ਇਤਰਾਜ਼ ਜਤਾਉਂਦੇ ਹੋਏ ਕੁਲਦੀਪ ਤਿਵਾਰੀ ਦੁਆਰਾ ਦਾਇਰ ਜਨਹਿਤ ਪਟੀਸ਼ਨ ‘ਤੇ ਸੀਬੀਐਫਸੀ ਨੂੰ ਨੋਟਿਸ ਜਾਰੀ ਕੀਤਾ ਸੀ।
ਇਸ ‘ਤੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਤਰੀਕ 21 ਫਰਵਰੀ ਤੈਅ ਕੀਤੀ ਸੀ ਪਰ ਸੀਬੀਐਫਸੀ ਨੇ ਆਪਣਾ ਜਵਾਬ ਦਾਇਰ ਨਹੀਂ ਕੀਤਾ ਅਤੇ ਫਿਲਮ ਨੂੰ ਰਿਲੀਜ਼ ਕਰ ਦਿੱਤਾ। ਪਟੀਸ਼ਨਕਰਤਾ ਨੇ ਕੇਂਦਰ, ਰਾਜ ਸਰਕਾਰ, ਸੀਬੀਐਫਸੀ, ਫਿਲਮ ਦੇ ਨਿਰਦੇਸ਼ਕ ਓਮ ਰਾਉਤ, ਅਭਿਨੇਤਾ ਪ੍ਰਭਾਸ, ਸੈਫ ਅਲੀ ਖਾਨ, ਕ੍ਰਿਤੀ ਸੈਨਨ ਅਤੇ ਹੋਰਾਂ ਨੂੰ ਕੇਸ ਵਿੱਚ ਧਿਰ ਵਜੋਂ ਸ਼ਾਮਲ ਕੀਤਾ ਸੀ।
ਪਟੀਸ਼ਨ ‘ਚ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਨੂੰ ਅਸ਼ਲੀਲ ਕੱਪੜਿਆਂ ‘ਚ ਦਿਖਾਏ ਜਾਣ ‘ਤੇ ਇਤਰਾਜ਼ ਉਠਾਇਆ ਗਿਆ ਹੈ। ਰਾਮ, ਸੀਤਾ ਅਤੇ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪ੍ਰਭਾਸ, ਕ੍ਰਿਤੀ ਸੈਨਨ, ਸੈਫ ਅਲੀ ਖਾਨ ਦੇ ਨਾਲ-ਨਾਲ ਹਨੂੰਮਾਨ ਦੀ ਭੂਮਿਕਾ ਨਿਭਾ ਰਹੇ ਦੇਵਦੱਤ ਨਾਗੇ ਅਤੇ ਲਕਸ਼ਮਣ ਦੀ ਭੂਮਿਕਾ ਨਿਭਾ ਰਹੇ ਸਨੀ ਸਿੰਘ ਨੂੰ ਵੀ ਪਟੀਸ਼ਨ ‘ਚ ਜਵਾਬਦੇਹ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਪਟੀਸ਼ਨ ‘ਚ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਓਮ ਰਾਉਤ ਵੀ ਪ੍ਰਤੀਵਾਦੀ ਹਨ। ਪਟੀਸ਼ਨਕਰਤਾ ਵੱਲੋਂ ਦਾਇਰ ਸੋਧ ਅਰਜ਼ੀ ‘ਤੇ ਵੀ ਸੋਮਵਾਰ ਨੂੰ ਸੁਣਵਾਈ ਹੋਈ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਉਕਤ ਸੋਧ ਅਰਜ਼ੀ ਰਾਹੀਂ ਪਟੀਸ਼ਨਰ ਨੇ ਫਿਲਮ ਦੇ ਸਾਰੇ ਦ੍ਰਿਸ਼ਾਂ ਅਤੇ ਡਾਇਲਾਗਾਂ ‘ਤੇ ਇਤਰਾਜ਼ ਜਤਾਇਆ ਹੈ।
ਇਹ ਵੀ ਪੜ੍ਹੋ : ਸਿੱਖਾਂ ‘ਤੇ ਹਮਲਿਆਂ ਨੂੰ ਲੈ ਕੇ ਐਕਸ਼ਨ ਮੋਡ ‘ਚ ਭਾਰਤ, PAK ਹਾਈਕਮਿਸ਼ਨ ਦੇ ਡਿਪਲੋਮੈਟ ਕੀਤੇ ਤਲਬ
ਇਸ ਫਿਲਮ ਖਿਲਾਫ ਇੱਕ ਨਵੀਂ ਜਨਹਿਤ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਵੀ ਮੰਗਲਵਾਰ ਨੂੰ ਸੁਣਵਾਈ ਲਈ ਸੂਚੀਬੱਧ ਕੀਤੀ ਗਈ ਹੈ। ਨਵੀਨ ਧਵਨ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਉਨ੍ਹਾਂ ਦੇ ਵਕੀਲ ਪ੍ਰਿੰਸ ਲੈਨਿਨ ਨੇ ਦੱਸਿਆ ਕਿ ਉਕਤ ਪਟੀਸ਼ਨ ‘ਚ ਭਾਰਤੀ ਸੈਂਸਰ ਬੋਰਡ ਤੋਂ ਫਿਲਮ ਦੇ ਸਾਰੇ ਦ੍ਰਿਸ਼ਾਂ ਅਤੇ ਸੰਵਾਦਾਂ ਨੂੰ ਬੇਹੱਦ ਇਤਰਾਜ਼ਯੋਗ ਕਰਾਰ ਦੇਣ ‘ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: