ਭਾਰਤ ਦੇ ਮੁੱਖ ਚੋਣਕਰਤਾ ਦੀ ਦੌੜ ਵਿਚ ਸ਼ਾਮਲ ਅਜੀਤ ਅਗਰਕਰ ਨੇ ਦਿੱਲੀ ਕੈਪੀਟਲਸ IPL ਟੀਮ ਵਿਚ ਸਹਾਇਕ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਗਰਕਰ ਦਾ ਨਾਂ ਦੌੜ ਵਿਚ ਹੋਣ ਨਾਲ BCCI ਨੂੰ ਚੋਣ ਕਮੇਟੀ ਦੇ ਮੁਖੀ ਦੀ ਸਾਲਾਨਾ ਤਨਖਾਹ 1 ਕਰੋੜ ਤੋਂ ਵਧਾਉਣੀ ਹੋਵੇਗੀ ਜਦੋਂ ਕਿ ਬਾਕੀ ਮੈਂਬਰਾਂ ਦੀ ਤਨਖਾਹ ਵੀ 90 ਲੱਖ ਤੋਂ ਵੱਧ ਕਰਨੀ ਹੋਵੇਗੀ। ਦਿੱਲੀ ਕੈਪੀਟਲਸ ਦੇ ਸਹਾਇਕ ਕੋਚ ਤੇ ਕਮੈਂਟੇਟਰ ਅਗਰਕਰ ਮੁੱਖ ਚੋਣਕਰਤਾ ਦੇ ਸਾਲਾਨਾ ਪੈਕੇਜ ਤੋਂ ਵੱਧ ਕਮਾਉਂਦੇ ਹਨ ਤੇ ਇਹੀ ਕਾਰਨ ਹੈ ਕਿ ਬੀਸੀਸੀਆਈ ਨੂੰ ਮੌਜੂਦਾ ਤਨਖਾਹ ਦੀ ਸਮੀਖਿਆ ਕਰਨੀ ਪਵੇਗੀ।
ਅਜੀਤ ਅਗਰਕਰ ਦੇ ਦਿੱਲੀ ਕੈਪੀਟਲਸ ਟੀਮ ਛੱਡਣ ਦੀ ਖਬਰ ਤੋਂ ਸਾਫ ਹੋ ਗਿਆ ਹੈ ਕਿ ਉਹ ਵੈਸਟਇੰਡੀਜ਼ ਦੇ ਆਗਾਮੀ ਦੌਰੇ ਲਈ ਟੀ-20 ਟੀਮ ਚੁਣਦੇ ਸਮੇਂ ਮੁੱਖ ਚੋਣ ਕਰਤਾ ਹੋ ਸਕਦੇ ਹਨ। ਦਿੱਲੀ ਕੈਪੀਟਲਸ ਨੇ ਇਸ ਦੀ ਪੁਸ਼ਟੀ ਕੀਤੀ ਕਿ ਅਗਰਕਰ ਤੇ ਸ਼ੇਨ ਵਾਟਸਨ ਹੁਣ ਸਹਿਯੋਗੀ ਸਟਾਫ ਦਾ ਹਿੱਸਾ ਨਹੀਂ ਹਨ। ਟੀਮ ਨੇ ਟਵੀਟ ਕੀਤਾ, ‘ਤੁਹਾਡੇ ਲਈ ਇਹ ਹਮੇਸ਼ਾ ਘਰ ਰਹੇਗਾ, ਧੰਨਵਾਦ ਅਜੀਤ ਤੇ ਵਾਟਸਨ, ਭਵਿੱਖ ਲਈ ਸ਼ੁੱਭਕਾਮਨਾਵਾਂ।’
ਅਗਰਕਰ 2021 ਵਿਚ ਵੀ ਚੋਣਕਰਤਾ ਦੇ ਅਹੁਦੇ ਲਈ ਇੰਟਰਵਿਊ ਦੇ ਚੁੱਕੇ ਹਨ ਜਦੋਂ ਉੱਤਰ ਖੇਤਰ ਤੋਂ ਚੇਤਨ ਸ਼ਰਮਾ ਕਮੇਟੀ ਦੇ ਮੈਂਬਰ ਬਣੇ ਸਨ। ਸਵ. ਰਮਾਕਾਂਤ ਆਚਰੇਕਰ ਦੇ ਚੇਲੇ ਰਹੇ 45 ਸਾਲ ਦੇ ਅਗਰਕਰ ਭਾਰਤ ਲਈ 191 ਵਨਡੇ, 26 ਟੈਸਟ ਤੇ ਚਾਰ ਟੀ-20 ਮੈਚ ਖੇਡ ਚੁੱਕੇ ਹਨ। ਸਮਝਿਆ ਜਾਂਦਾ ਹੈ ਕਿ ਉੁਸ ਸਮੇਂ ਮੁੰਬਈ ਕ੍ਰਿਕਟ ਸੰਘ ਨੂੰ ਅਗਰਕਰ ਦੀ ਦਾਅਵੇਦਾਰੀ ਤੋਂ ਸਮੱਸਿਆ ਸੀ ਤੇ ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਨਹੀਂ ਚੁਣਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਚੁਣਨ ‘ਤੇ ਚੇਤਨ ਸ਼ਰਮਾ ਪ੍ਰਧਾਨ ਨਹੀਂ ਬਣਦੇ ਜਿਨ੍ਹਾਂ ਨੂੰ ਬੋਰਡ ਦੇ ਏਕਵਰਗ ਦਾ ਸਮਰਥਨ ਹਾਸਲ ਸੀ।
ਇਹ ਵੀ ਪੜ੍ਹੋ : ਵਿਸ਼ਵ ਕੱਪ ਨੂੰ ਲੈ ਕੇ ਕ੍ਰਿਸ ਗੇਲ ਦੀ ਭਵਿੱਖਬਾਣੀ, ਸੈਮੀਫਾਈਨਲ ‘ਚ ਪਹੁੰਚਣਗੀਆਂ ਭਾਰਤ ਸਣੇ ਇਹ 3 ਟੀਮਾਂ
ਐੱਮਸੀਏ ਦੇ ਮੌਜੂਦਾ ਅਧਿਕਾਰੀਆਂ ਨੂੰ ਹੁਣ ਦਿੱਕਤ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਸਲਿਲ ਅੰਕੋਲਾ ਹੈ। ਦਿਲੀਪ ਵੇਂਗਸਕਰ ਤੇ ਰਵੀ ਸ਼ਾਸਤਰੀ ਦੇ ਨਾਂ ਦੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਨ੍ਹਾਂ ਨੇ ਅਪਲਾਈ ਕੀਤਾ ਹੈ ਜਾਂ ਨਹੀਂ। ਵੇਂਗਸਰਕਰ 2005 ਤੋਂ 2008 ਤੱਕ ਪ੍ਰਧਾਨ ਰਹਿ ਚੁੱਕੇ ਹਨ ਤੇ ਅਧਿਕਤਮ ਕਾਰਜਕਾਲ ਚਾਰ ਸਾਲ ਦਾ ਹੁੰਦਾ ਹੈ ਯਾਨੀ ਉਨ੍ਹਾਂ ਕੋਲ ਇਕ ਹੀ ਸਾਲ ਬਚਿਆ ਹੈ।
ਵੀਡੀਓ ਲਈ ਕਲਿੱਕ ਕਰੋ -: