ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਲੁਧਿਆਣਾ ਪੁਲਿਸ ਨੇ 3 ਨੌਜਵਾਨਾਂ ਨੂੰ 2 ਕਿਲੋਗ੍ਰਾਮ ਅਫੀਮ ਸਣੇ ਕਾਬੂ ਕੀਤਾ। ਤਿੰਨੇ ਦੋਸ਼ੀ ਪੁਲਿਸ ਨੂੰ ਵੇਖ ਆਪਣੇ ਬੈਗ ਸੁੱਟ ਕੇ ਭੱਜਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਬੁੱਧਵਾਰ ਨੂੰ ਇੰਚਾਰਜ ਕ੍ਰਾਈਮ ਬ੍ਰਾਂਚ ਲੁਧਿਆਣਾ ਗੋਲ ਚੌਕ ਆਮ ਆਦਮੀ ਪਾਰਟੀ ਕਲੀਨਿਕ,100 ਫੁੱਟਾ ਰੋਡ ਮੋਤੀ ਨਗਰ ਲੁਧਿਆਣਾ ਵਿਖੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸ਼ੇਰਪੁਰ ਮਾਰਕੀਟ ਵਾਲੀ ਸਾਈਡ ਤੋਂ ਤਿੰਨ ਨੌਜਵਾਨ ਆਏ, ਜਿਨ੍ਹਾਂ ਨੇ ਪਿੱਠੂ ਬੈਗ ਟੰਗੇ ਹੋਏ ਸੀ ਤੇ ਪੁਲਿਸ ਨੂੰ ਸਾਹਮਣੇ ਵੇਖ ਕੇ ਇਕਦਮ ਘਬਰਾ ਗਏ ਅਤੇ ਆਪਣੇ ਪਿੱਠੂ ਬੈਗ ਇਕਦਮ ਸੁੱਟ ਕੇ ਭੱਜਣ ਲੱਗੇ।
ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਨਾਂ ਪਤਾ ਪੁੱਛਿਆ। ਦੋਸ਼ੀਆਂ ਦੀ ਪਛਾਣ ਅਜੀਤ ਕੁਮਾਰ ਪੁੱਤਰ ਰਾਮ, ਵਿਜੇ ਵਰਮਾ ਪੁੱਤਰ ਰਾਮ ਨਰੇਸ਼ ਤੇ ਰਾਜ ਪਾਲ ਪੁੱਤਰ ਭਈਆ ਲਾਲ ਵਰਮਾ ਵਜੋਂ ਹੋਈ। ਪਿੱਠੂ ਬੈਗ ਚੁਕਵਾ ਕੇ ਚੈੱਕ ਕੀਤਾ ਤਾਂ ਉਸ ਵਿੱਚ ਮੋਮੀ ਲਿਫਾਫੇ ਵਿਚ ਅਫੀਮ ਬਰਾਮਦ ਹੋਈ। ਅਜੀਤ ਕੁਮਾਰ ਦੇ ਬੈਗ ਵਿੱਚੋਂ 1 ਕਿਲੋ ਅਫੀਮ, ਵਿਜੇ ਕੁਮਾਰ ਤੇ ਰਾਜਪਾਲ ਦੇ ਬੈਗ ਵਿੱਚੋਂ ਅੱਧਾ-ਅੱਧਾ ਕਿਲੋ (500-500 ਗ੍ਰਾਮ) ਅਫੀਮ ਬਰਾਮਦ ਹੋਈ।
ਇਹ ਵੀ ਪੜ੍ਹੋ : ‘ਵਿਰੋਧੀਆਂ ਨੂੰ ਸੀਕ੍ਰੇਟ ਵਰਦਾਨ ਮਿਲਿਐ…’ PM ਮੋਦੀ ਦੀ ਇਸ ਗੱਲ ‘ਤੇ ਸੰਸਦ ‘ਚ ਖਿੜ-ਖਿੜ ਹੱਸ ਪਏ ਸਾਰੇ
ਤਿੰਨੇ ਦੋਸ਼ੀ ਪਿੱਛੋਂ ਯੂਪੀ ਦੇ ਰਹਿਣ ਵਾਲੇ ਹਨ ਤੇ ਇਸ ਵੇਲੇ ਲੁਧਿਆਣਾ ਦੇ ਮੋਤੀ ਨਗਰ ਵਿੱਚ ਕਿਰਾਏ ਦੇ ਮਕਾਨਾਂ ‘ਚ ਰਹਿ ਰਹੇ ਹਨ। ਅਜੀਤ ਕੁਮਾਰ (28) ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਅੱਠਵੀਂ ਪਾਸ ਹੈ, ਵਿਜੇ ਕੁਮਾਰ (27) ਅਨਪੜ੍ਹ ਹੈ ਤੇ ਡਰਾਈਵਰੀ ਦਾ ਕੰਮ ਕਰਦਾ ਹੈ, ਜਦਕਿ ਰਾਜ ਪਾਲ (26) ਬਾਰ੍ਹਵੀਂ ਪਾਸ ਹੈ ਤੇ ਮਜ਼ਦੂਰੀ ਦਾ ਕੰਮ ਕਰਦਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 143 ਮਿਤੀ 09/08/2023 ਅ/ਧ 18/61/85 NDPS ਐਕਟ ਥਾਣਾ ਮੋਤੀ ਨਗਰ, ਲੁਧਿਆਣਾ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: