ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕੋਲ ਕੋਰ ਗਰੁੱਪ ਦੇ 18 ਮੈਂਬਰਾਂ ਵਿਚੋਂ ਘੱਟ ਤੋਂ ਘੱਟ 3 ਖਿਡਾਰੀਆਂ ਨੂੰ ਇਹ ਦੱਸਣਾ ਮੁਸ਼ਕਲ ਹੋਵੇਗਾ ਕਿ ਉਹ ਵਿਸ਼ਵ ਕੱਪ ਦੀ ਫਾਈਨਲ 15 ਦਾ ਹਿੱਸਾ ਨਹੀਂ ਹੋਣਗੇ। ਅਜਿਹਾ ਖੁਦ ਉਨ੍ਹਾਂ ਨਾਲ ਹੋ ਚੁੱਕਾ ਹੈ। ਜਦੋਂ ਉਹ 23 ਸਾਲ ਦੇ ਸਨ, ਉਦੋਂ ਰੋਹਿਤ ਨੂੰ ਉਸ ਇਤਿਹਾਸ ਰਚਣ ਵਾਲੀ ‘ਕਲਾਸ ਆਫ 2011’ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਸ ਸਮੇਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਸੀ ਤੇ ਇਹ ਉਨ੍ਹਾਂ ਤੋਂ ਬੇਹਤਰ ਕੋਈ ਨਹੀਂ ਜਾਣਦਾ।
ਹੁਣ ਰੋਹਿਤ ਸ਼ਰਮਾ ਨੇ ਬੰਗਲੌਰ ਵਿਚ ਏਸ਼ੀਆ ਕੱਪ 2023 ਦੇ ਕੈਂਪ ਦੌਰਾਨ ਗੱਲਬਾਤ ਕਰਦੇ ਦੱਸਿਆ ਕਿ ਸਭ ਤੋਂ ਵਧੀਆ ਸੰਯੋਜਨ ਦੀ ਚੋਣ ਕਰਦੇ ਸਮੇਂ, ਅਜਿਹੇ ਖਿਡਾਰੀ ਹੋਣਗੇ ਜੋ ਵੱਖ-ਵੱਖ ਕਾਰਨਾਂ ਕਰਕੇ ਟੀਮ ਦਾ ਹਿੱਸਾ ਨਹੀਂ ਹੋਣਗੇ। ਰਾਹੁਲ ਭਰਾ (ਦ੍ਰਾਵਿੜ) ਅਤੇ ਮੈਂ ਖਿਡਾਰੀਆਂ ਨੂੰ ਇਹ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹ ਟੀਮ ਵਿੱਚ ਕਿਉਂ ਨਹੀਂ ਹਨ। ਹਰ ਚੋਣ ਅਤੇ ਪਲੇਇੰਗ ਇਲੈਵਨ ਬਾਰੇ ਚਰਚਾ ਕੀਤੀ ਹੈ। ਐਲਾਨ ਤੋਂ ਬਾਅਦ ਖਿਡਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਉਨ੍ਹਾਂ ਨਾਲ ਇੱਕ-ਇੱਕ ਕਰਕੇ ਗੱਲ ਕੀਤੀ, ਉਨ੍ਹਾਂ ਨੂੰ ਕਿਉਂ ਨਹੀਂ ਚੁਣਿਆ ਗਿਆ।
ਉਨ੍ਹਾਂ ਕਿਹਾ ਕਿ ਕਦੇ-ਕਦੇ ਮੈਂ ਖੁਦ ਨੂੰ ਉਨ੍ਹਾਂ ਦੀ ਜਗ੍ਹਾ ‘ਤੇ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ 2011 ਵਿਚ ਮੈਨੂੰ ਨਹੀਂ ਚੁਣਿਆ ਗਿਆ ਤਾਂ ਇਹ ਮੇਰੇ ਲਈ ਬਹੁਤ ਹੀ ਭਾਵੁਕ ਪਲ ਸੀ ਤੇ ਮੈਨੂੰ ਲੱਗਾ ਕਿ ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਬਾਅਦ ਹੁਣ ਬਚਿਆ ਕੀ ਹੈ? ਉਨ੍ਹਾਂ ਨੇ ਇਹ ਸਵੀਕਾਰ ਕਰਨ ਵਿਚ ਕੋਈ ਝਿਜਕ ਨਹੀਂ ਕੀਤੀਸੀ ਕਿ ਕਈ ਵਾਰ ਉਨ੍ਹਾਂ ਦਾ ਤੇ ਦ੍ਰਵਿੜ ਦਾ ਫੈਸਲਾ ਗਲਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ, ਕੋਚ ਤੇ ਚੋਣ ਕਰਤਾ ਪਿਚ, ਸਾਡੀ ਤਾਕਤ ਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਵਰਗੇ ਸਾਰੇ ਕਾਰਕਾਂ ਨੂੰ ਧਿਆਨ ਵਿਚ ਰੱਖਦੇ ਹਾਂ ਤੇ ਫਿਰ ਇਕ ਇਕ ਆਮ ਸਹਿਮਤੀ ‘ਤੇ ਪਹੁੰਚਦੇ ਹਾਂ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਸੀਂ ਹਮੇਸ਼ਾ ਪਰਫੈਕਟ ਨਹੀਂ ਰਹਾਂਗੇ।
ਇਹ ਵੀ ਪੜ੍ਹੋ : ਪੰਜਾਬ ਦੇ MLA ਦਾ ਚੰਡੀਗੜ੍ਹ ‘ਚ ਕੱਟਿਆ ਚਲਾਨ, ਗਲਤ ਸਾਈਡ ਗੱਡੀ ਖੜ੍ਹੀ ਕਰਨ ‘ਤੇ ਟ੍ਰੈਫਿਕ ਪੁਲਿਸ ਦੀ ਕਾਰਵਾਈ
ਕਪਤਾਨ ਰੋਹਿਤ ਨੇ ਅੱਗੇ ਕਿਹਾ ਕਿ ਆਖਿਰਕਾਰ ਕੁਝ ਹੀ ਵਿਅਕਤੀ ਫੈਸਲਾ ਲੈਂਦੇ ਹਨ ਤੇ ਮਨੁੱਖ ਵਜੋਂ ਅਸੀਂ ਗਲਤੀਆਂ ਕਰ ਹੀ ਲੈਂਦੇ ਹਾਂ।ਅਜਿਹਾ ਨਹੀਂ ਹੈ, ਮੈਨੂੰ ਉਹ ਵਿਅਕਤੀ ਪਸੰਦ ਨਹੀਂ ਹੈ, ਇਸ ਲਈ ਮੈਂ ਉਸ ਨੂੰ ਹਟਾ ਰਿਹਾ ਹਾਂ। ਕਪਤਾਨੀ ਵਿਅਕਤੀਗਤ ਪਸੰਦ ਤੇ ਨਾਪਸੰਦ ‘ਤੇ ਆਧਾਰਿਤ ਨਹੀਂ ਹੈ। ਜੇਕਰ ਕੋਈ ਬਾਹਰ ਹੁੰਦਾ ਹੈ ਤਾਂ ਇਸ ਦਾ ਇਕ ਕਾਰਨ ਹੈ। ਜੇਕਰ ਤੁਸੀਂ ਬਦਕਿਸਮਤੀ ਨਾਲ ਉਨ੍ਹਾਂ ਖਿਡਾਰੀਆਂ ਵਿਚੋਂ ਹੋ ਜੋ ਬਾਹਰ ਹੋਏ ਹਨ, ਤਾਂ ਅਸੀਂ ਕੁਝ ਨਹੀਂ ਕਰ ਸਕਦੇ।
ਵੀਡੀਓ ਲਈ ਕਲਿੱਕ ਕਰੋ -: