Preparations begin testing: ਚੰਡੀਗੜ: ਭਾਰਤ ਸਰਕਾਰ ਨੇ ਅੱਜ ਅੰਮ੍ਰਿਤਸਰ ਦੇ ਐਸਡੀਐਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿੱਚ ਸਾਲ 2019 ‘ਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਪਿਛਲੇ ਵਰੇ ਐਸਡੀਐਚ ਅਜਨਾਲਾ ਵਿਖੇ ਇੱਕ ਨਵੀਂ ਟੈਸਟਿੰਗ ਲੈਬਾਰਟਰੀ ਦੀ ਸਥਾਪਨਾ ਲਈ ਭਾਰਤ ਸਰਕਾਰ ਨੂੰ ਪ੍ਰਸਤਾਵ ਸੌਂਪਿਆ ਗਿਆ ਸੀ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਜਨਾਲਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਲਈ ਇਹ ਲੈਬਾਰਟਰੀ ਮਦਦਗਾਰ ਸਾਬਤ ਹੋਵੇਗੀ ਜਿਨ੍ਹਾਂ ਨੂੰ ਡੇਂਗੂ ਦੇ ਟੈਸਟ ਲਈ ਨਿੱਜੀ ਲੈਬਾਰਟਰੀਆਂ ਜਾਂ ਅੰਮ੍ਰਿਤਸਰ ਨਹੀਂ ਜਾਣਾ ਪਏਗਾ। ਹੁਣ ਇਹ ਟੈਸਟ ਸਥਾਨਕ ਪੱਧਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੇਂਗੂ ਦੀ ਟੈਸਟਿੰਗ ਲਈ ਸੂਬੇ ਵਿੱਚ ਪਹਿਲਾਂ ਹੀ 34 ਪ੍ਰਵਾਨਿਤ ਲੈਬਾਰਟਰੀਆਂ ਹਨ ਅਤੇ ਇਹ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ 35ਵੀਂ ਲੈਬਾਰਟਰੀ ਹੋਵੇਗੀ। ਇਸ ਸੀਜ਼ਨ ਦੌਰਾਨ ਐਸਡੀਐਚ ਅਜਨਾਲਾ ਵਿਖੇ ਡੇਂਗੂ ਅਤੇ ਚਿਕਨਗੁਨੀਆ ਦੇ ਟੈਸਟ ਮੁਫਤ ਕੀਤੇ ਜਾਣਗੇ। ਹਸਪਤਾਲ ਨੂੰ ਆਉਣ ਵਾਲੇ ਦਿਨਾਂ ਵਿੱਚ ਟੈਸਟਿੰਗ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਲੈਬਾਰਟਰੀ ਜੂਨ, 2020 ਤੋਂ ਕਾਰਜਸ਼ੀਲ ਹੋ ਜਾਵੇਗੀ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਬਦਲਦੇ ਮੌਸਮ ਦੇ ਮੱਦੇਨਜ਼ਰ ਸਾਰੇ ਜ਼ਿਲਿ•ਆਂ ਨੂੰ ਪਹਿਲਾਂ ਹੀ ਡੇਂਗੂ ਲਈ ਰੋਕਥਾਮ ਅਤੇ ਨਿਗਰਾਨੀ ਗਤੀਵਿਧੀਆਂ ਸੁਰੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਸਿਹਤ ਵਿਭਾਗ ਇਸ ਵੇਲੇ ਕੋਵਿਡ-19 ਦੇ ਟਾਕਰੇ ਲਈ ਅਣਥੱਕ ਯਤਨ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਸੂਬੇ ਵਿਚ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੋਰਨ ਡਿਸੀਜਿਜ਼ ਦੀ ਟੈਸਟਿੰਗ ਅਤੇ ਪ੍ਰਬੰਧਨ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦਾ ਮੱਛਰ ਸਿਰਫ ਸਾਫ ਪਾਣੀ ਵਿੱਚ ਹੀ ਪ੍ਰਜਨਨ ਕਰਦਾ ਹੈ ਅਤੇ ਦਿਨ ਵੇਲੇ ਹੀ ਕੱਟਦਾ ਹੈ। ਸਾਰੇ ਲੋਕ ਇਹ ਯਕੀਨੀ ਬਣਾਉਣ ਕਿ ਕੂਲਰਾਂ, ਫੁੱਲਾਂ ਦੇ ਗਮਲਿਆਂ, ਫਰਿੱਜ਼ਾਂ ਪਿੱਛੇ ਗੰਦੇ ਪਾਣੀ ਦੀਆਂ ਟਰੇਆਂ ਆਦਿ ਨੂੰ ਹਰ ਹਫ਼ਤੇ ਢੁੱਕਵੇਂ ਤਰੀਕੇ ਨਾਲ ਖਾਲੀ ਅਤੇ ਸਾਫ਼ ਕੀਤਾ ਜਾਵੇ। ਸਿਹਤ ਵਿਭਾਗ ਨੇ ਪਹਿਲਾਂ ਹੀ ਸੁੱਕਰਵਾਰ ਨੂੰ “ਡਰਾਈ ਡੇਅ” ਘੋਸ਼ਿਤ ਕਰ ਦਿੱਤਾ ਹੈ ਤਾਂ ਜੋ ਸਾਰੇ ਘਰਾਂ ਵਿੱਚ ਹਫ਼ਤੇ ‘ਚ ਇੱਕ ਵਾਰ ਰੋਕਥਾਮ ਗਤੀਵਿਧੀਆਂ ਕੀਤੀਆਂ ਜਾ ਸਕਣ।