ਮਾਲੇਰਕੋਟਲਾ : ਅੱਜ ਈਦਗਾਹ ਦਾ ਮੁਬਾਰਕ ਦਿਨ ਹੈ। ਮੁਸਲਿਮ ਭਾਈਚਾਰੇ ਵਿਚ ਅੱਜ ਦੇ ਦਿਨ ਖੁਸ਼ੀ ਦਾ ਮਾਹੌਲ ਹੈ। ਪਰ ਇਸ ਦੇ ਨਾਲ ਹੀ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਲੋਕ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਨਾਰਾਜ਼ ਹਨ ਅਤੇ ਉਹ ਕਾਲੇ ਕੱਪੜੇ ਪਾ ਕੇ ਤੇ ਹੱਥਾਂ ਵਿਚ ਬੈਨਰ ਫੜ ਕੇ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ।
ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨੇ ਸਾਡੇ ਨਾਲ ਝੂਠ ਬੋਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਨੇ ਈਦ ਮੌਕੇ ਈਦਗਾਹ ‘ਚ ਆ ਕੇ ਬਾਬਾ ਹੈਦਰ ਸ਼ੇਖ ਲਈ ਕਰੋੜਾਂ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਉਹ ਵਾਅਦਾ ਪੂਰਾ ਨਹੀਂ ਹੋਇਆ ਤੇ ਇੱਕ ਪੈਸਾ ਤੱਕ ਨਹੀਂ ਦਿੱਤਾ ਗਿਆ। ਇਸ ਮੌਕੇ ਸ਼ਮਸੂਦੀਨ ਚੌਧਰੀ ਤੇ ਇਲਿਆਸ ਜੁਬੈਰੀ ਸਾਬਕਾ ਐੱਮ. ਸੀ. ਨੇ ਦੱਸਿਆ ਕਿ ਸਿੱਧੂ ਨੂੰ ਸਿਰਫ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਖੁਸ਼ ਕਰਨਾ ਆਉਂਦਾ ਹੈ।
ਇਹ ਵੀ ਪੜ੍ਹੋ : ਐਨ.ਡੀ.ਏ ਸਰਕਾਰ ਨੇ ਸੰਵਿਧਾਨਕ ਨਿੱਜਤਾ ਦੇ ਅਧਿਕਾਰ ਦਾ ਘਾਣ ਕੀਤਾ: ਰਾਣਾ ਸੋਢੀ
ਪ੍ਰਦਰਸ਼ਨ ਕਰ ਰਹੇ ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਜੇਕਰ ਸਿੱਧੂ ਆਪਣੇ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਉਹ ਉਨ੍ਹਾਂ ਤੋਂ ਮੁਆਫੀ ਮੰਗੇ ਨਹੀਂ ਤਾਂ ਜਦੋਂ ਵੀ ਮਾਲੇਰਕੋਟਲਾ ‘ਚ ਸਿੱਧੂ ਆਉਣਗੇ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਮੁਸਲਿਮ ਭਾਈਚਾਰੇ ਨੂੰ ਜੋ ਕਰੋੜਾਂ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਉਸ ‘ਚੋਂ ਅਜੇ ਤੱਕ ਇੱਕ ਧੇਲਾ ਤੱਕ ਨਹੀਂ ਦਿੱਤਾ। ਉਨ੍ਹਾਂ ਮੁਸਲਿਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ‘ਚ ਜਿਸ ਥਾਂ ‘ਤੇ ਵੀ ਨਵਜੋਤ ਸਿੰਘ ਸਿੱਧੂ ਜਾਂਦਾ ਹੈ ਉਸ ਦਾ ਵਿਰੋਧ ਕੀਤਾ ਜਾਵੇ।
ਇਹ ਵੀ ਪੜ੍ਹੋ : 23 ਜ਼ਿਲ੍ਹਿਆਂ ‘ਚ ADC ਦੇ ਨਵੇਂ ਅਹੁਦਿਆਂ ਨਾਲ ਸਰਵਪੱਖੀ ਵਿਕਾਸ ਯਕੀਨੀ ਹੋਵੇਗਾ : ਮੁੱਖ ਸਕੱਤਰ