ਵਿਵਾਦਾਂ ਵਾਲੀਆਂ ਟਿੱਪਣੀਆਂ ਕਰਨ ਵਾਲੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਤੋਂ ਪਾਰਟੀ ਨੂੰ ਛੁਟਕਾਰਾ ਮਿਲੇ ਅਜੇ ਕੁਝ ਹੀ ਸਮਾਂ ਬੀਤਿਆ ਹੈ ਕਿ ਸਿੱਧੂ ਦੇ ਹੋਰ ਸਲਾਹਕਾਰ ਪਿਆਰੇ ਲਾਲ ਗਰਗ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਲੈ ਕੇ ਨਿਸ਼ਾਨੇ ਵਿੰਨ੍ਹਣ ਨੂੰ ਲੈ ਕੇ ਕਾਂਗਰਸ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
ਗਰਗ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ‘ਤੇ ਸਵਾਲ ਕਰਦਿਆਂ ਕਾਂਗਰਸ ‘ਤੇ ਸੰਵਿਧਾਨ ਦੀ ਆੜ ਵਿੱਚ ਧਰਮ ਦਾ ਪੱਤਾ ਖੇਡਣ ਦਾ ਦੋਸ਼ ਲਾਇਆ। ਸੋਸ਼ਲ ਮੀਡੀਆ ‘ਤੇ ਗਰਗ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਸਰਕਾਰ ਦੁਆਰਾ ਵਿਧਾਇਕਾਂ ਨੂੰ ਇੱਕ ਦਿਨ ਦੇ ਵਿਸ਼ੇਸ਼ ਸੈਸ਼ਨ ਲਈ ਵ੍ਹਿਪ ਵੀ ਜਾਰੀ ਕੀਤਾ, ਜੋਕਿ ਨਾ ਸਿਰਫ ਲੋਕਤੰਤਰ ਦਾ ਅਪਮਾਨ ਹੈ, ਬਲਕਿ ਅਜਿਹਾ ਕਰਕੇ ਸੰਵਿਧਾਨ ਰਾਹੀਂ ਧਾਰਮਿਕ ਕੱਟੜਵਾਦ ਨੂੰ ਉਤਸ਼ਾਹਤ ਕੀਤਾ ਗਿਆ ਹੈ।
ਗਰਗ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਉਨ੍ਹਾਂ ਦੇ ਵਿਧਾਇਕਾਂ ਵ੍ਹਿਪ ਜਾਰੀ ਕਰਕੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹ ਲਈ ਹੈ। ਕਾਂਗਰਸ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਦੱਸਦੀ ਰਹੀ ਹੈ ਪਰ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਸੰਵਿਧਾਨਕ ਮਜਬੂਰੀ ਦੀ ਆੜ ਵਿੱਚ ਪਾਰਟੀ ਨੇ ਧਰਮ ਦਾ ਪੱਤਾ ਖੇਡਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿਰਫ ਧਰਮ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ।
ਗਰਗ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਧਾਰਮਿਕ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕਰਦਾ ਹੈ, ਪਰ ਜੇ ਆਰਐਸਐਸ ਕਰੇਗੀ ਤਾਂ ਉਨ੍ਹਾਂ ਨੂੰ ਵੀ ਗਲਤ ਨਹੀਂ ਠਹਿਰਾਇਆ ਜਾ ਸਕੇਗਾ। ਇਸ ਦੇ ਨਾਲ ਹੀ ਸਿੱਧੂ ਦੇ ਸਲਾਹਕਾਰ ਨੇ ਆਪਣੀ ਰਾਏ ਰੱਖੀ ਕਿ ਵਿਧਾਨ ਸਭਾ ਨੂੰ ਧਰਮ ਦੇ ਮਾਮਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਥੋਂ ਤਕ ਕਿ ਜੇ ਕੈਪਟਨ ਸਰਕਾਰ ਨੇ ਅਜਿਹੇ ਮਾਮਲੇ ਵਿਚ ਕੋਈ ਵਿਸ਼ੇਸ਼ ਸਮਾਗਮ ਆਯੋਜਿਤ ਕਰਨਾ ਵੀ ਸੀ ਤਾਂ ਘੱਟੋ-ਘੱਟ ਵਿਧਾਇਕਾਂ ਨੂੰ ਵ੍ਹਿਪ ਜਾਰੀ ਨਹੀਂ ਕੀਤਾ ਜਾਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ : ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ, ਕੈਪਟਨ ਨੇ ਦਿੱਤੀ ਵਧਾਈ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਰਗ ਨੇ ਕੈਪਟਨ ਵੱਲੋਂ ਪਾਕਿਸਤਾਨ ਦੀ ਆਲੋਚਨਾ ਨੂੰ ਗਲਤ ਠਹਿਰਾਉਂਦਿਆਂ ਕਿਹਾ ਸੀ ਕਿ ਇਸ ਕਾਰਨ ਪੰਜਾਬ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਗਰਗ ਨੇ ਇਹ ਵੀ ਦੋਸ਼ ਲਾਇਆ ਸੀ ਕਿ ਕੈਪਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਸੰਪਰਕ ਵਿੱਚ ਸਨ। ਗਰਗ ਦੇ ਇਸ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਪਰ ਨਾ ਤਾਂ ਗਰਗ ਅਤੇ ਨਾ ਹੀ ਸਿੱਧੂ ਨੇ ਇਸ ਮਾਮਲੇ ਵਿੱਚ ਕੋਈ ਸਪੱਸ਼ਟੀਕਰਨ ਜਾਰੀ ਕਰਨਾ ਜ਼ਰੂਰੀ ਸਮਝਿਆ।