ਚੰਡੀਗੜ੍ਹ : ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਹਿੰਦੀ ਰਾਸ਼ੀ ਦੀ ਅਦਾਇਗੀ ਲਈ 45 ਕਰੋੜ ਰੁਪਏ ਦੀ ਰਾਸ਼ੀ ਗੰਨਾ ਕਾਸ਼ਤਕਾਰਾਂ ਨੂੰ ਅੱਜ ਜਾਰੀ ਕਰ ਦਿੱਤੀ ਗਈ ਹੈ ਜਿਸ ਨਾਲ ਸਾਲ 2020-21 ਦੀ ਬਣਦੀ ਕੁੱਲ ਅਦਾਇਗੀ 472.10 ਕਰੋੜ ਰੁਪਏ ਵਿੱਚੋਂ 463.95 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਇਹ ਰਾਸ਼ੀ ਅੱਜ ਹੀ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ। ਬਾਕੀ ਰਹਿੰਦੀ 8.15 ਕਰੋੜ ਰੁਪਏ ਦੀ ਅਦਾਇਗੀ ਕੇਂਦਰ ਸਰਕਾਰ ਵੱਲ ਬਕਾਇਆ ਹੈ। ਇਹ ਖੁਲਾਸਾ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।
ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਖੁਸ਼ਖਬਰੀ: ਪੰਜਾਬ ਸਰਕਾਰ ਨੇ ਡੀਏ ਅਤੇ ਹੋਰ ਭੱਤਿਆਂ ‘ਚ ਕੀਤਾ ਵਾਧਾ, NPA ਲਈ ਨਵੇਂ ਹੁਕਮ ਕੀਤੇ ਜਾਰੀ
ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉਤੇ ਗੰਨਾ ਕਾਸ਼ਤਕਾਰਾਂ ਨੂੰ ਸਤੰਬਰ ਦੇ ਪਹਿਲੇ ਹਫਤੇ ਬਕਾਇਆ ਭੁਗਤਾਨ ਦਾ ਕੀਤਾ ਵਾਅਦਾ ਪੰਜਾਬ ਸਰਕਾਰ ਨੇ ਅੱਜ ਪੂਰਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬਕਾਇਆ ਰਾਸ਼ੀ ਦੀ ਮੁਕੰਮਲ ਅਦਾਇਗੀ ਲਈ ਸਰਕਾਰ ਵੱਲੋਂ ਸਾਲ 2021-22 ਦੇ ਬਜਟ ਵਿੱਚ 300 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਸੀ। ਸ. ਰੰਧਾਵਾ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਗੰਨੇ ਦੇ ਭਾਅ ਵਿੱਚ ਰਿਕਾਰਡ ਵਾਧਾ ਕਰਦਿਆਂ 360 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ, ਜਦੋਂ ਕਿ ਕੇਂਦਰ ਸਰਕਾਰ ਵੱਲੋਂ ਗੰਨੇ ਦੇ ਪ੍ਰਤੀ ਕੁਇੰਟਲ ਰੇਟ ਵਿੱਚ ਸਿਰਫ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੰਨਾ ਕਾਸ਼ਤਕਾਰਾਂ ਦੀ ਸਹਿਕਾਰੀ ਖੰਡ ਮਿੱਲਾਂ ਵੱਲ ਬਣਦੀ ਕੁੱਲ ਅਦਾਇਗੀ ਵੀ ਪਹਿਲ ਦੇ ਅਧਾਰ ‘ਤੇ ਕੀਤੀ ਗਈ ਹੈ।
ਸ. ਰੰਧਾਵਾ ਨੇ ਦੱਸਿਆ ਗਿਆ ਕਿ ਸੂਬੇ ਵਿਚਲੀਆਂ 9 ਸਹਿਕਾਰੀ ਖੰਡ ਮਿੱਲਾਂ ਵੱਲੋਂ ਸਾਲ 2019-20 ਦੀ ਬਣਦੀ ਕੁੱਲ ਅਦਾਇਗੀ 486.24 ਕਰੋੜ ਰੁਪਏ ਪਹਿਲਾਂ ਹੀ ਗੰਨਾ ਕਾਸ਼ਤਕਾਰਾਂ ਨੂੰ ਕੀਤੀ ਜਾ ਚੁੱਕੀ ਹੈ ਅਤੇ ਸਾਲ 2020-21 ਦੀ ਬਣਦੀ ਕੁੱਲ ਅਦਾਇਗੀ 472.10 ਕਰੋੜ ਰੁਪਏ ਵਿੱਚੋਂ 463.95 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਬਕਾਇਆ ਰਹਿੰਦੀ 8.15 ਕਰੋੜ ਰੁਪਏ ਦੀ ਅਦਾਇਗੀ ਕੇਂਦਰ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲਾਂ ਦੀ ਸਾਲ 2019-20 ਦੀ ਐਕਸਪੋਰਟ ਸਬਸਿਡੀ ਅਤੇ ਬਫਰ ਸਟਾਕ ਸਬਸਿਡੀ ਵਜੋਂ ਜਾਰੀ ਕੀਤੀ ਜਾਣੀ ਹੈ। ਇਸ ਦੀ ਜਲਦੀ ਅਦਾਇਗੀ ਲਈ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਗੰਨੇ ਦੀ ਕੁੱਲ ਬਕਾਇਆ ਅਦਾਇਗੀ ਛੇਤੀ ਤੋਂ ਛੇਤੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੇ ਦਾਅਵੇ ਹੋਏ ਖੋਖਲੇ, ‘ਆਪ’ ਨੇ DC ਆਫਿਸ ਅੱਗੇ ਫੂਕਿਆ ਕੈਪਟਨ ਦਾ ਪੁਤਲਾ
ਸਹਿਕਾਰੀ ਖੰਡ ਮਿੱਲਾਂ ਵੱਲੋਂ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਸ਼ੂਗਰ ਐਕਸਪੋਰਟ ਸਬਸਿਡੀ ਅਤੇ ਬਫਰ ਸਟਾਕ ਸਬਸਿਡੀ ਦੀ ਰਾਸ਼ੀ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗੰਨੇ ਦੀ ਅਦਾਇਗੀ ਲਈ ਸਿੱਧੇ ਤੌਰ ‘ਤੇ ਗੰਨਾਂ ਕਾਸ਼ਤਕਾਰਾਂ ਦੇ ਖਾਤੇ ਵਿੱਚ ਤਬਦੀਲ ਕੀਤੀ ਜਾਂਦੀ ਹੈ ਅਤੇ ਬਕਾਇਆ ਰਹਿੰਦੀ 8.15 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਹੋਣ ਉਪਰੰਤ ਤੁਰੰਤ ਗੰਨਾ ਕਾਸ਼ਤਕਾਰਾਂ ਦੇ ਖਾਤੇ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ।