ਤਰਨਤਾਰਨ ਦੀ ਪੱਟੀ ਵਿੱਚ ਕਾਰ ਵਿੱਚ ਸਵਾਰ 4 ਵਿਅਕਤੀਆਂ ਵੱਲੋਂ ਗੋਲੀਬਾਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਫਰਨੀਚਰ ਹਾਊਸ ਮਾਲਿਕ ਜ਼ਖਮੀ ਹੋ ਗਿਆ। ਦੁਕਾਨ ਦੇ ਮਾਲਕ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪੱਟੀ ਸ਼ਹਿਰ ਦੇ ਵਾਰਡ ਨੰਬਰ 6 ਦਾ ਰਹਿਣ ਵਾਲਾ ਬਲਵਿੰਦਰ ਸਿੰਘ ਪੁੱਤਰ ਅਨੋਖ ਸਿੰਘ ਅੱਜ ਸਵੇਰੇ 10 ਵਜੇ ਲਾਹੌਰ ਰੋਡ ਦੇ ਰੇਲਵੇ ਫਾਟਕ ਦੇ ਕੋਲ ਆਪਣੀ ਫਰਨੀਚਰ ਦੀ ਦੁਕਾਨ ਖੋਲ੍ਹ ਰਿਹਾ ਸੀ, ਜਦੋਂ ਇੱਕ ਕਾਰ ਵਿੱਚ 4 ਲੋਕ ਆਏ।
ਉਨ੍ਹਾਂ ਨੇ ਦੁਕਾਨਦਾਰ ਬਲਵਿੰਦਰ ਸਿੰਘ ‘ਤੇ ਪਿਸਤੌਲ ਦੇ ਕਰੀਬ 3 ਤੋਂ 4 ਰਾਊਂਡ ਫਾਇਰ ਕੀਤੇ। ਜਿਸ ਕਾਰਨ ਬਲਵਿੰਦਰ ਸਿੰਘ ਮੌਕੇ ‘ਤੇ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਧਰ -ਉਧਰ ਭੱਜਣ ਲੱਗੇ।
ਇਹ ਵੀ ਪੜ੍ਹੋ : ਜ਼ਲ੍ਹਿਆਂਵਾਲਾ ਬਾਗ ਨਵੀਨੀਕਰਨ ਦਾ ਵਿਰੋਧ- ਸੜਕਾਂ ‘ਤੇ ਉਤਰੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਤੇ ਜਥੇਬੰਦੀਆਂ
ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਪਰ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਡੀਸੀਪੀ ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਵੇਗੀ। ਪੁਲਿਸ ਟੀਮ ਮੁਲਜ਼ਮਾਂ ਦੀ ਭਾਲ ਵਿੱਚ ਇਕੱਠੀ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਦਾ ਕੁਝ ਲੋਕਾਂ ਨਾਲ ਪੈਸਿਆਂ ਦਾ ਲੈਣ -ਦੇਣ ਸੀ, ਜਦੋਂ ਕਿ ਇੱਕ ਮੁੰਡੇ ਦੀ ਮੰਗਣੀ ਵੀ ਕੀਤੀ ਸੀ, ਜਿਸ ਵਿੱਚ ਬਾਅਦ ਵਿੱਚ ਕੁੜੀ ਵਾਲਿਆਂ ਨੂੰ ਰਿਸ਼ਤੇ ਤੋਂ ਜਵਾਬ ਦੇ ਦਿੱਤਾ ਗਿਆ ਸੀ। ਪੁਲਿਸ ਨੇ ਇਨ੍ਹਾਂ ਦੋਵਾਂ ਪਹਿਲੂਆਂ ‘ਤੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਕੁਲਜਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ ਕੌਣ ਸਨ, ਇਸ ਦਾ ਕਿਸੇ ਵੀ ਕੀਮਤ ‘ਤੇ ਪਤਾ ਲਗਾਇਆ ਜਾਵੇਗਾ।