ਪਟਿਆਲਾ ਵਿੱਚ ਪੁਲਿਸ ਨੇ ਦੋ ਅੰਨ੍ਹੇ ਕਤਲਾਂ ਦੀ ਗੁੱਥੀ ਦਾ ਮਾਮਲਾ ਸੁਲਝਾ ਲਿਆ ਹੈ। ਇੱਕ ਆਨਲਾਈਨ ਮੈਥ ਟੀਚਰ ਨੇ ਨਾਈਟ੍ਰੋਜਨ ਗੈਸ ਨਾਲ ਪਹਿਲਾਂ ਆਪਣੀ ਗਰਭਵਤੀ ਪਤਨੀ ਨੂੰ ਮਾਰਿਆ ਤੇ ਫਿਰ ਦੂਜਾ ਵਿਆਹ ਕਰਕੇ ਦੂਜੀ ਵਹੁਟੀ ਨੂੰ ਵੀ ਇਸੇ ਤਰ੍ਹਾਂ ਕਤਲ ਕਰ ਦਿੱਤਾ। ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਐੱਸਐੱਸਪੀ ਹਰਚਰਨ ਸਿੰਘ ਭੁੱਲਰ ਵੱਲੋਂ ਸੱਦੀ ਗਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਐੱਸਐੱਸਪੀ ਬਟਾਲਾ ਨੇ ਦੱਸਿਆ ਕਿ 40 ਸਾਲਾ ਨਵਨਿੰਦਰ ਪ੍ਰੀਤਪਾਲ ਸਿੰਘ, ਜੋਕਿ ਐਮਏ ਤੇ ਐਲਐਲਬੀ ਹੈ, ਇੱਕ ਆਨਲਾਈਨ ਮੈਥੇਮੈਟਿਕ ਟੀਚਰ ਹੈ, ਦੇ ਅਰਬਨ ਅਸਟੇਟ ਨਾਲ ਲੱਗਦੇ ਸਲਾਰੀਆ ਵਿਹਾਰ ਘਰ ਵਿਚੋਂ ਇਕ ਲੜਕੀ ਛਿੰਦਰਪਾਲ ਕੌਰ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ ਪੁੱਛਗਿੱਛ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਕਿ ਇਸ ਵਿਅਕਤੀ ਵੱਲੋਂ ਪਹਿਲਾਂ ਵੀ ਇੱਕ ਲੜਕੀ ਦਾ ਕਤਲ ਕੀਤਾ ਗਿਆ ਹੈ।
ਐਸਐਸਪੀ ਸਾਹਿਬ ਦੇ ਦੱਸਣ ਮੁਤਾਬਕ ਇਸ ਵਿਅਕਤੀ ਲੜਕੀਆਂ ਨੂੰ ਨਾਈਟ੍ਰੋਜਨ ਗੈਸ ਦੇ ਕੇ ਲੜਕੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਪ੍ਰੰਤੂ ਲੜਕੀਆਂ ਨੂੰ ਕੁਆਰਾ ਦੱਸ ਕੇ ਉਨ੍ਹਾਂ ਨਾਲ ਵਿਆਹ ਕਰਵਾਉਂਦਾ ਸੀ ਤੇ ਸਰੀਰਕ ਸੰਬੰਧ ਬਣਾਉਂਦਾ ਸੀ। ਉਸ ਤੋਂ ਬਾਅਦ ਲੜਕੀਆਂ ਨੂੰ ਤੰਗ-ਪ੍ਰੇਸ਼ਾਨ ਵੀ ਕਰਦਾ ਸੀ।
ਪਹਿਲੇ ਮਾਮਲੇ ਵਿੱਚ ਲੜਕੀ ਛਿੰਦਰਪਾਲ ਕੌਰ ਦੇ ਪਿਤਾ ਸੁਖਚੈਨ ਸਿੰਘ ਵਾਸੀ ਬਠਿੰਡਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ। ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਛਿੰਦਰਪਾਲ ਕੌਰ ਦਾ ਵਿਆਹ ਨਵਨਿੰਦਰ ਪ੍ਰੀਤਪਾਲ ਸਿੰਘ ਉਕਤ ਨਾਲ ਹੋਇਆ ਸੀ ਅਤੇ ਉਹ ਮਿਤੀ 11.10.2021 ਤੋਂ ਬਠਿੰਡਾ ਤੋਂ ਪਟਿਆਲਾ ਆ ਗਈ ਸੀ। ਉਕਤ ਲੜਕੀ ਦਾ ਉਸ ਦੇ ਮਾਤਾ-ਪਿਤਾ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਜਿਸ ‘ਤੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।
ਤਫਤੀਸ਼ ਦੌਰਾਨ ਗੱਲ ਸਾਹਮਣੇ ਆਈ ਕਿ ਨਵਨਿੰਦਰ ਪ੍ਰੀਤਪਾਲ ਸਿੰਘ ਉਕਤ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ। ਜਦੋਂ ਉਸ ਨੂੰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਅਹਿਮ ਖੁਲਾਸੇ ਕੀਤੇ ਅਤੇ ਦੱਸਿਆ ਕਿ 13.10.2021 ਨੂੰ ਉਸ ਨੇ ਛਿੰਦਰਪਾਲ ਕੌਰ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਆਪਣੇ ਘਰ ਦੇ ਬੈੱਡਰੂਮ ਵਿਚ ਦੱਬ ਦਿੱਤਾ ਸੀ।
21 ਅਕਤੂਬਰ ਨੂੰ ਕਾਰਜਕਾਰੀ ਤਫ਼ਤੀਸ਼ਦਾਰ ਮਨਮੋਹਨ ਸਿੰਘ ਨਾਇਬ ਤਹਿਸੀਲਦਾਰ ਪਟਿਆਲਾ ਦੀ ਹਾਜ਼ਰੀ ਵਿਚ ਦੋਸ਼ੀ ਦੇ ਦੱਸਣ ਮੁਤਾਬਕ ਘਰ ਦੇ ਬੈੱਡਰੂਮ ਵਿੱਚੋਂ ਛਿੰਦਰਪਾਲ ਕੌਰ ਦੀ ਲਾਸ਼ ਨੂੰ ਕੱਢ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਪੋਸਟਮਾਰਟਮ ਵਾਸਤੇ ਭੇਜਿਆ ਗਿਆ।
ਇਸੇ ਦੌਰਾਨ ਕੁਝ ਅਹਿਮ ਤੱਥ ਜਾਂਚ ਟੀਮ ਦੇ ਸਾਹਮਣੇ ਆਏ ਤਾਂ ਪਤਾ ਲੱਗਿਆ ਕਿ ਨਵਨਿੰਦਰ ਪਾਲ ਸਿੰਘ ਨੇ ਇਕ ਹੋਰ ਲੜਕੀ ਸੁਖਦੀਪ ਕੌਰ ਪੁੱਤਰੀ ਨਿਰਮਲ ਸਿੰਘ ਜੋ ਕਿ ਸੁਨਾਮ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਸੀ , ਨਾਲ ਵੀ 12 ਫਰਵਰੀ 2008 ਨੂੰ ਐਸਐਸਟੀ ਨਗਰ ਵਿਖੇ ਵਿਆਹ ਕਰਵਾਇਆ ਸੀ। ਇਸ ਲੜਕੀ ਦਾ ਵੀ 19 ਸਤੰਬਰ 2021 ਨੂੰ ਅੱਧੀ ਰਾਤੀਂ ਕਤਲ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਸੁਖਦੀਪ ਕੌਰ ਦੇ ਪੇਕੇ ਪਰਿਵਾਰ ਨੂੰ ਕਤਲ ਦੀ ਵਜ੍ਹਾ ਅਟੈਕ ਦੱਸਿਆ ਗਿਆ ਸੀ ਅਤੇ ਸੁਖਦੀਪ ਕੌਰ ਦਾ ਸਸਕਾਰ ਵੀ ਕਰ ਦਿੱਤਾ ਗਿਆ ਸੀ। ਸੁਖਦੀਪ ਕੌਰ ਸਾਲ 2009 ਵਿਚ ਆਈਲੈੱਟਸ ਦੀਆਂ ਕਲਾਸਾਂ ਲਗਾਉਣ ਵਾਸਤੇ ਪਟਿਆਲਾ ਆਈ ਸੀ, ਜਿਥੇ ਇਹ ਦੋਵੇਂ ਆਪਸੀ ਸੰਪਰਕ ਵਿੱਚ ਆ ਗਏ ਅਤੇ ਫਰਵਰੀ 2018 ਵਿੱਚ ਇਨ੍ਹਾਂ ਨੇ ਵਿਆਹ ਕਰਵਾ ਲਿਆ ਤੇ ਇਕੱਠੇ ਰਹਿਣ ਲੱਗ ਪਏ।
ਦੋਸ਼ੀ ਮੁਤਾਬਕ ਸੁਖਦੀਪ ਕੌਰ ਬਾਅਦ ਵਿੱਚ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਈ ਸੀ। ਫਿਰ ਨਵਨਿੰਦਰ ਪ੍ਰੀਤਪਾਲ ਸਿੰਘ ਨੇ ਸੁਖਦੀਪ ਕੌਰ ਨੂੰ ਮਾਰ ਦਿੱਤਾ। ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਭਰੋਸੇ ਵਿੱਚ ਲੈ ਕੇ ਉਸ ਦਾ ਸਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਰੰਧਾਵਾ ਹੋਣਾ ਨੇ ਸਾਡੇ ਚਾਰ ਸਾਲ ਅਰੂਸਾ ਦੀਆਂ ਜੁੱਤੀਆਂ ਚੁੱਕੀਆਂ, ਹੁਣ ਕਿਸ ਮੂੰਹ ਨਾਲ ਬੋਲ ਰਹੇ : ਗਰੇਵਾਲ
ਇਨ੍ਹਾਂ ਦੋਵਾਂ ਕਤਲਾਂ ਵਿਚ ਨਵਨਿੰਦਰ ਪ੍ਰਿਤਪਾਲ ਸਿੰਘ ਨੇ ਨਾਈਟ੍ਰੋਜਨ ਗੈਸ ਦਾ ਇਸਤੇਮਾਲ ਕੀਤਾ। ਸੁਖਦੀਪ ਕੌਰ ਗਰਭਵਤੀ ਸੀ ਅਤੇ ਉਸ ਦੇ ਘਰ ਅਰਬਨ ਅਸਟੇਟ ਫੇਜ਼ ਨੰ. ਇੱਕ ਵਿੱਚ ਆ ਕੇ ਰਹਿ ਰਹੀ ਸੀ। ਉਸ ਨੇ ਘਰ ਵਿੱਚ ਨਾਈਟ੍ਰੋਜਨ ਦਾ ਸਿਲੰਡਰ ਨੂੰ ਆਕਸੀਜਨ ਦਾ ਸਿਲੰਡਰ ਕਹਿ ਕੇ ਸੁਖਦੀਪ ਨੂੰ ਦੱਸਿਆ। ਉਸ ਨੇ ਕਿਹਾ ਕਿ ਕੋਰੋਨਾ ਕਰਕੇ ਆਪਣੀ ਮਾਂ ਲਈ ਇਹ ਲਿਆਂਦਾ ਹੈ।
ਉਸ ਨੇ ਕਿਹਾ ਕਿ ਗਰਭਵਤੀ ਅਵਸਥਾ ਵਿਚ ਆਕਸੀਜਨ ਲੈਣ ਦਾ ਬਹੁਤ ਫਾਇਦਾ ਹੁੰਦਾ ਹੈ। ਇਸੇ ਬਹਾਨੇ ਰਾਤ ਵੇਲੇ ਨਾਈਟ੍ਰੋਜਨ ਗੈਸ ਦੇ ਸਿਲੰਡਰ ਨਾਲ ਮਾਸਕ ਲਗਾ ਕੇ ਸੁਖਦੀਪ ਕੌਰ ਨੂੰ ਲਗਾ ਦਿੱਤਾ, ਜਿਸ ਨਾਲ ਸੁਖਦੀਪ ਕੌਰ ਦੀ ਮੌਤ ਹੋ ਗਈ। ਇਸੇ ਤਰ੍ਹਾਂ ਉਸ ਨੇ ਛਿੰਦਰਪਾਲ ਕੌਰ ਨੂੰ ਪੂਰੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਮਾਰ ਦਿੱਤਾ। ਪੁਲਿਸ ਨੇ ਦੋਸ਼ੀ ਨਵਨਿੰਦਰ ਪ੍ਰੀਤਪਾਲ ਸਿੰਘ ਦਾ ਛੇ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਹੋਰ ਪੁੱਛ-ਗਿੱਛ ਤੋਂ ਬਾਅਦ ਬਾਕੀ ਦੀ ਕਾਰਵਾਈ ਕੀਤੀ ਜਾਵੇਗੀ