ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਗੋਆ ‘ਚ ਬਿਆਨ ਨੂੰ ਲੈ ਕੇ ਪੰਜਾਬ ‘ਚ ਸਿਆਸਤ ਗਰਮਾ ਗਈ ਹੈ। ਰਾਹੁਲ ਨੇ ਗੋਆ ਵਿੱਚ ਕਿਹਾ ਕਿ ਅਸੀਂ ਪੰਜਾਬ ਵਿੱਚ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰ ਦਿੱਤੇ ਹਨ। ਜੇਕਰ ਉਹ ਚਾਹੁਣ ਤਾਂ ਪੰਜਾਬ ਜਾ ਕੇ ਲੋਕ ਇਸ ਦੀ ਪੁਸ਼ਟੀ ਕਰ ਸਕਦੇ ਹਨ। ਰਾਹੁਲ ਦੇ ਇਸ ਬਿਆਨ ‘ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਮੈਦਾਨ ‘ਚ ਕੁੱਦ ਪਏ ਹਨ। ਉਨ੍ਹਾਂ ਸੀਐਮ ਚਰਨਜੀਤ ਚੰਨੀ ਨੂੰ ਟੈਗ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਪੰਜਾਬ ਦੀ ਅਸਲੀਅਤ ਦੱਸੋ। ਪੰਜਾਬ ਵਿੱਚ ਸਿਆਸੀ ਪਾਰਟੀਆਂ ਕਿਸਾਨਾਂ ਨਾਲ ਸਬੰਧਤ ਹਰ ਮੁੱਦੇ ’ਤੇ ਇੱਕ ਦੂਜੇ ’ਤੇ ਹਮਲੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ।
ਗੋਆ ‘ਚ ਇਕ ਰੈਲੀ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਮੁੱਦੇ ‘ਤੇ ਛੱਤੀਸਗੜ੍ਹ ‘ਚ ਚੋਣਾਂ ਲੜੀਆਂ ਸਨ। ਸਰਕਾਰ ਬਣਨ ਤੋਂ ਬਾਅਦ ਇਹ ਵਾਅਦਾ ਪੂਰਾ ਕੀਤਾ ਗਿਆ। ਤੁਸੀਂ ਪੰਜਾਬ ਜਾ ਕੇ ਇਸਦੀ ਪੁਸ਼ਟੀ ਕਰ ਸਕਦੇ ਹੋ। ਸਾਡੇ ਮੈਨੀਫੈਸਟੋ ਵਿੱਚ ਜੋ ਵੀ ਹੈ ਉਹ ਸਿਰਫ਼ ਇੱਕ ਵਾਅਦਾ ਨਹੀਂ ਬਲਕਿ ਇੱਕ ਗਾਰੰਟੀ ਹੈ। ਰਾਹੁਲ ਗਾਂਧੀ ਦਾ ਬਿਆਨ ਆਉਂਦੇ ਹੀ ਅਕਾਲੀ ਮੁਖੀ ਸੁਖਬੀਰ ਸਿੰਘ ਬਾਦਲ ਨੇ ਹਮਲਾ ਬੋਲਿਆ। ਉਨ੍ਹਾਂ ਰਾਹੁਲ ਗਾਂਧੀ ਨੂੰ ਇਸ ਬਿਆਨ ਸਬੰਧੀ ਮੁਕੰਮਲ ਅਤੇ ਬਿਨਾਂ ਸ਼ਰਤ ਕਰਜ਼ਾ ਮੁਆਫ਼ੀ ਦੀ ਰਿਪੋਰਟ ਸਾਂਝੀ ਕਰਨ ਲਈ ਕਿਹਾ। ਜਿਸ ਬਾਰੇ ਉਨ੍ਹਾਂ ਨੇ 2017 ਵਿੱਚ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਰਾਹੁਲ ਦੱਸਣ ਕਿ ਕਿਸ ਕਿਸਾਨ ਦਾ ਕਿੰਨਾ ਕਰਜ਼ਾ ਮੁਆਫ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਸੀਐਮ ਚੰਨੀ ਨੂੰ ਸੱਚ ਦੱਸਣ ਲਈ ਕਿਹਾ।
2017 ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣਾਂ ਲੜੀਆਂ ਸਨ। ਉਦੋਂ ਕੈਪਟਨ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਨਿੱਜੀ ਤੇ ਸਰਕਾਰੀ ਬੈਂਕਾਂ ਦੇ ਨਾਲ-ਨਾਲ ਸਹਿਕਾਰੀ ਤੇ ਆੜ੍ਹਤੀਆਂ ਦੇ ਵੀ ਕਰਜ਼ੇ ਮੁਆਫ਼ ਕੀਤੇ ਜਾਣਗੇ। ਭਾਵੇਂ ਸਰਕਾਰ ਕਰਜ਼ਾ ਮੁਆਫ਼ੀ ਦਾ ਦਾਅਵਾ ਕਰਦੀ ਹੈ ਪਰ ਵਿਰੋਧੀ ਪਾਰਟੀਆਂ ਇਸ ਨਾਲ ਸਹਿਮਤ ਨਹੀਂ ਹਨ। ਪੰਜਾਬ ਵਿੱਚ ਜਲਦੀ ਹੀ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ। ਅਜਿਹੇ ‘ਚ ਇਹ ਮੁੱਦਾ ਫਿਰ ਜ਼ੋਰ ਫੜਦਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: