ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ‘ਚ ਪੁਲਸ ਨੇ ਨਸ਼ਾ ਤਸਕਰੀ ਦੇ 7 ਸਮੱਗਲਰਾਂ ਦੀ 3 ਕਰੋੜ 34 ਲੱਖ 49 ਹਜ਼ਾਰ 483 ਰੁਪਏ ਦੀ ਜਾਇਦਾਦ ਟਰੇਸ ਕੀਤੀ ਹੈ। ਇਸ ਵਿੱਚੋਂ ਚਾਰ ਸਮੱਗਲਰਾਂ ਦੀ 2 ਕਰੋੜ 71 ਲੱਖ 24 ਹਜ਼ਾਰ 483 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਤਿੰਨ ਕੇਸ ਪੈਂਡਿੰਗ ਹਨ। ਇਹ ਜਾਣਕਾਰੀ ਐੱਸ.ਐੱਸ.ਪੀ. ਹਰਮਨਦੀਪ ਸਿੰਘ ਨੇ ਦਿੱਤੀ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਚਾਰ ਸਮੱਗਲਰਾਂ ਨੇ ਨਸ਼ੇ ਦੀ ਤਸਕਰੀ ਕਰਕੇ 2 ਕਰੋੜ 71 ਲੱਖ 24 ਹਜ਼ਾਰ 483 ਰੁਪਏ ਦੀ ਜਾਇਦਾਦ ਬਣਾਈ ਹੈ, ਜਿਸ ਵਿੱਚ ਪੰਜ ਕਨਾਲ 12 ਮਰਲੇ ਜ਼ਮੀਨ, ਛੇ ਰਿਹਾਇਸ਼ੀ ਮਕਾਨ, ਚਾਰ ਦੁਕਾਨਾਂ, ਇੱਕ ਸਰਵਿਸ ਸਟੇਸ਼ਨ ਅਤੇ ਚਾਰ ਬੈਂਕ ਖਾਤੇ ਸ਼ਾਮਲ ਹਨ। ਜਦਕਿ ਬਾਕੀ ਤਿੰਨ ਸਮੱਗਲਰਾਂ ਵਿੱਚੋਂ ਇੱਕ ਸਮੱਗਲਰ ਕੋਲ 2 ਲੱਖ 43 ਹਜ਼ਾਰ 400 ਰੁਪਏ ਦੀ ਜਾਇਦਾਦ ਹੈ, ਜਿਸ ਵਿੱਚ ਪੰਜ ਕਨਾਲ 12 ਮਰਲੇ ਜ਼ਮੀਨ ਵੀ ਸ਼ਾਮਲ ਹੈ। ਦੋ ਹੋਰ ਸਮੱਗਲਰਾਂ ਕੋਲ ਦੋ ਮਕਾਨ ਅਤੇ ਇੱਕ ਸਾਈਕਲ ਸਮੇਤ 63 ਲੱਖ 25 ਹਜ਼ਾਰ ਰੁਪਏ ਦੀ ਜਾਇਦਾਦ ਹੈ। ਜਲਦੀ ਹੀ ਇਨ੍ਹਾਂ ਨੂੰ ਜ਼ਬਤ ਕਰ ਲਿਆ ਜਾਵੇਗਾ।
ਪੁਲੀਸ ਨੇ ਸਵੇਰੇ ਪਿੰਡ ਸ਼ੇਰਖਾਨ ਵਿੱਚ ਛਾਪਾ ਮਾਰਿਆ। ਇੱਥੇ ਹਰ ਘਰ ਦੀ ਤਲਾਸ਼ੀ ਲਈ ਗਈ। ਪੁਲਸ ਦੇ ਪਹੁੰਚਦੇ ਹੀ ਚਿੱਟੇ ਦੀ ਤਸਕਰੀ ਕਰਨ ਵਾਲੇ ਦੋਸ਼ੀ ਉਥੋਂ ਫਰਾਰ ਹੋ ਗਏ। ਘਰ ਵਿੱਚ ਸਿਰਫ਼ ਔਰਤਾਂ ਹੀ ਸਨ। ਪੁਲੀਸ ਨੇ ਹਰ ਘਰ ਦੀ ਤਲਾਸ਼ੀ ਲਈ ਪਰ ਉਥੋਂ ਪੁਲੀਸ ਨੂੰ ਕੁਝ ਨਹੀਂ ਮਿਲਿਆ। ਪਤਾ ਲੱਗਾ ਹੈ ਕਿ ਪਿੰਡ ਬਜੀਦਪੁਰ ‘ਚ ਇਕ ਵਿਅਕਤੀ ਨੇ ਸ਼ਰੇਆਮ ਚਿੱਟਾ ਵੇਚਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਫੜਨ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ।
ਪੁਲਸ ਨੇ ਬੁੱਧਵਾਰ ਨੂੰ ਵੱਖ-ਵੱਖ ਥਾਵਾਂ ਤੋਂ 40 ਲੱਖ ਰੁਪਏ ਦੀ ਹੈਰੋਇਨ ਸਮੇਤ 6 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਬੰਧਤ ਥਾਣਿਆਂ ਦੀ ਪੁਲੀਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਥਾਣਾ ਸਦਰ ਦੇ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਬਸਤੀ ਆਵਾ ਵਿੱਚ ਛਾਪਾ ਮਾਰ ਕੇ ਮੁਲਜ਼ਮ ਸੂਰਜ ਨੂੰ 33 ਗ੍ਰਾਮ ਹੈਰੋਇਨ ਅਤੇ ਮਿੱਠਨ ਨੂੰ 17 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਦੋਂਕਿ ਨਾਰਕੋਟਿਕਸ ਕੰਟਰੋਲ ਸੈੱਲ ਦੇ ਏ.ਐੱਸ.ਆਈ ਅੰਗਰੇਜ਼ ਸਿੰਘ ਨੇ ਬਜੀਦਪੁਰ ਸਥਿਤ ਗੰਗਕਨਾਲ ਨੇੜਿਓਂ ਮੁਲਜ਼ਮ ਜਸਬੀਰ ਸਿੰਘ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਕੰਵਲਦੀਪ ਸਿੰਘ ਅਤੇ ਹਰਜੀਤ ਸਿੰਘ ਵਾਸੀ ਬਜੀਦਪੁਰ ਨੂੰ ਦੋ-ਦੋ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਕੁਲਗੜ੍ਹੀ ਨੇ ਪਿੰਡ ਬਜੀਦਪੁਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੂੰ ਦੋ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: