ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਨੇ ਸੁਪਰੀਮ ਕੋਰਟ ‘ਚ ਵੱਡਾ ਖੁਲਾਸਾ ਕੀਤਾ ਹੈ। ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੋਰੋਨਾ ਮਹਾਮਾਰੀ ਕਰਕੇ 1 ਅਪ੍ਰੈਲ 2020 ਤੋਂ ਹੁਣ ਤੱਕ ਦੇਸ਼ ਦੇ 1 ਲੱਖ 47 ਹਜ਼ਾਰ 492 ਬੱਚਿਆਂ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਉਠ ਚੁੱਕਿਆ ਹੈ।
NCPCR ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਅਨਾਥ ਬੱਚਿਆਂ ਦੇ ਜ਼ਿਆਦਾਤਰ ਮਾਤਾ-ਪਿਤਾ ਕੋਰੋਨਵਾਇਰਸ ਜਾਂ ਕਿਸੇ ਹੋਰ ਘਟਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
NCPCR ਨੇ ਇਹ ਜਾਣਕਾਰੀ ਸੁਪਰੀਮ ਕੋਰਟ ਨੂੰ ਸੂ ਮੋਟੂ ਨਾਲ ਜੁੜੇ ਇੱਕ ਮਾਮਲੇ ਵਿੱਚ ਦਿੱਤੀ ਹੈ। ਇਸ ਵਿੱਚ ਸੁਪਰੀਮ ਕੋਰਟ ਨੇ ਕਮਿਸ਼ਨ ਤੋਂ ਪੁੱਛਿਆ ਸੀ ਕਿ ਕੋਰੋਨਾ ਮਹਾਮਾਰੀ ਦੌਰਾਨ ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ। ਇਸ ਬਾਰੇ NCPCR ਨੇ ਇਹ ਡਾਟਾ ਅਦਾਲਤ ਨੂੰ ਸੌਂਪਿਆ। ਕਮਿਸ਼ਨ ਨੇ ਇਹ ਵੀ ਕਿਹਾ ਕਿ ਇਸਦਾ ਡੇਟਾ 11 ਜਨਵਰੀ, 2021 ਤੱਕ ਦਾ ਹੈ ਅਤੇ ਇਸਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ‘ਬਾਲ ਸਵਰਾਜ ਪੋਰਟਲ – ਕੋਵਿਡ ਕੇਅਰ’ ਵਿੱਚ ਪ੍ਰਦਾਨ ਕੀਤੇ ਗਏ ਡਾਟਾ ਦੇ ਅਧਾਰ ‘ਤੇ ਇਕੱਠਾ ਕੀਤਾ ਗਿਆ ਹੈ।
NCPCR ਦੇ ਮੁਤਾਬਕ 11 ਜਨਵਰੀ ਤੱਕ ਅਪਲੋਡ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਪ੍ਰੈਲ 2020 ਤੋਂ ਹੁਣ ਤੱਕ ਦੇਸ਼ ਵਿੱਚ ਮਾਪਿਆਂ ਦੋਵਾਂ ਨੂੰ ਗੁਆਉਣ ਵਾਲੇ ਬੱਚਿਆਂ ਦੀ ਗਿਣਤੀ 10 ਹਜ਼ਾਰ 94 ਰਹੀ, ਜਦੋਂ ਕਿ ਮਾਪਿਆਂ ਵਿੱਚੋਂ ਕਿਸੇ ਇੱਕ ਨੂੰ ਗੁਆਉਣ ਵਾਲੇ ਬੱਚਿਆਂ ਦੀ ਗਿਣਤੀ 1 ਲੱਖ 36 ਹਜ਼ਾਰ 910 ਮਿਲੀ। ਇਸ ਤੋਂ ਇਲਾਵਾ ਛੱਡੇ ਗਏ ਬੱਚਿਆਂ ਦੀ ਗਿਣਤੀ 488 ਹੋ ਰਹੀ। ਜੇ ਇਨ੍ਹਾਂ ਸਾਰੇ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ ਦੇਸ਼ ‘ਚ ਮਾਪਿਆਂ ਨੂੰ ਗੁਆਉਣ ਵਾਲੇ ਬੱਚਿਆਂ ਦੀ ਗਿਣਤੀ 1 ਲੱਖ 47 ਹਜ਼ਾਰ 492 ਤੱਕ ਪਹੁੰਚ ਜਾਂਦੀ ਹੈ।
ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੇ ਬੱਚਿਆਂ ਵਿੱਚ 76 ਹਜ਼ਾਰ 508 ਲੜਕੇ, 70 ਹਜ਼ਾਰ 980 ਲੜਕੀਆਂ ਸਨ, ਜਦਕਿ ਚਾਰ ਟਰਾਂਸਜੈਂਡਰ ਬੱਚੇ ਵੀ ਸ਼ਾਮਲ ਸਨ। ਰਿਪੋਰਟ ਮੁਤਾਬਕ ਮਹਾਮਾਰੀ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਦੀ ਉਮਰ ਸਮੂਹ ਵਿੱਚ ਅੱਠ ਤੋਂ 13 ਸਾਲ ਦੀ ਉਮਰ ਦੇ 59,010 ਬੱਚੇ, 14 ਤੋਂ 15 ਸਾਲ ਦੀ ਉਮਰ ਦੇ 22 ਹਜ਼ਾਰ 763 ਬੱਚੇ, 16-18 ਸਾਲ ਉਮਰ ਵਰਗ ਦੇ 22,626 ਬੱਚੇ ਸ਼ਾਮਲ ਸਨ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਚਾਰ ਤੋਂ ਸੱਤ ਸਾਲ ਦੀ ਉਮਰ ਦੇ 26,080 ਬੱਚੇ ਜਾਂ ਤਾਂ ਮਾਂ ਜਾਂ ਪਿਤਾ ਜਾਂ ਦੋਵਾਂ ਦੀ ਇਸ ਦੌਰਾਨ ਜਾਨ ਗਈ।
ਵੀਡੀਓ ਲਈ ਕਲਿੱਕ ਕਰੋ -:
Khas-Khas Milk Recipe | Makhana Doodh Recipe | ਕਈ ਸਾਲਾਂ ਤੱਕ ਹੱਡੀਆਂ ‘ਚ ਕਮਜ਼ੋਰੀ, ਪਿੱਠ ਦਾ ਦਰਦ ਨਹੀਂ ਹੋਏਗਾ
ਅਪ੍ਰੈਲ 2020 ਤੋਂ ਕੋਵਿਡ ਅਤੇ ਹੋਰ ਕਾਰਨਾਂ ਕਰਕੇ ਆਪਣੇ ਮਾਂ ਜਾਂ ਪਿਤਾ ਜਾਂ ਮਾਪਿਆਂ ਦੋਵਾਂ ਨੂੰ ਗੁਆ ਚੁੱਕੇ ਬੱਚਿਆਂ ਦੇ ਰਾਜ-ਵਾਰ ਵੇਰਵੇ ਦਿੰਦੇ ਕਮਿਸ਼ਨ ਨੇ ਕਿਹਾ ਕਿ ਅਜਿਹੇ ਬੱਚਿਆਂ ਦੀ ਸਭ ਤੋਂ ਵੱਧ ਗਿਣਤੀ ਓਡੀਸ਼ਾ (24,405) ਤੋਂ ਹੈ। ਇਸ ਤੋਂ ਬਾਅਦ ਮਹਾਰਾਸ਼ਟਰ (19,623), ਗੁਜਰਾਤ (14,770), ਤਾਮਿਲਨਾਡੂ (11,014), ਉੱਤਰ ਪ੍ਰਦੇਸ਼ (9,247), ਆਂਧਰਾ ਪ੍ਰਦੇਸ਼ (8,760), ਮੱਧ ਪ੍ਰਦੇਸ਼ (7,340), ਪੱਛਮੀ ਬੰਗਾਲ (6,835), ਦਿੱਲੀ (6,629) ਅਤੇ ਰਾਜਸਥਾਨ (6,827) ਦਾ ਨੰਬਰ ਆਉਂਦਾ ਹੈ।
ਐਨ.ਸੀ.ਪੀ.ਸੀ.ਆਰ. ਨੇ ਬੱਚਿਆਂ ਦੇ ਆਸਰਾ ਘਰ ਦੀ ਮੌਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੁਤਾਬਕ ਸਭ ਤੋਂ ਵੱਧ ਬੱਚੇ (1,25,205) ਮਾਂ ਜਾਂ ਪਿਤਾ ਦੇ ਕੋਲ ਹਨ, ਜਦੋਂਕਿ 11,272 ਬੱਚੇ ਪਰਿਵਾਰਕ ਮੈਂਬਰਾਂ ਕੋਲ ਹਨ ਅਤੇ 8,450 ਗਾਰਡੀਅਨਸ ਕੋਲ ਹਨ। ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ 1,529 ਬੱਚੇ ਬਾਲ ਘਰਾਂ ਵਿੱਚ, 19 ਓਪਨ ਸ਼ੈਲਟਰ ਹੋਮ ਵਿੱਚ, ਦੋ ਆਬਜ਼ਰਵੇਸ਼ਨ ਹੋਮ ਵਿੱਚ, 188 ਅਨਾਥ ਆਸ਼ਰਮਾਂ ਵਿੱਚ, 66 ਵਿਸ਼ੇਸ਼ ਗੋਦ ਲੈਣ ਵਾਲੀਆਂ ਏਜੰਸੀਆਂ ਵਿੱਚ ਅਤੇ 39 ਹੋਸਟਲਾਂ ਵਿੱਚ ਹਨ। ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਹਰੇਕ ਰਾਜ/ਯੂਟੀ ਦੇ ਐਸਸੀਪੀਸੀਆਰਜ਼ ਨਾਲ ਖੇਤਰ ਅਨੁਸਾਰ ਮੀਟਿੰਗਾਂ ਕਰ ਰਿਹਾ ਹੈ ਅਤੇ ਉੱਤਰ-ਪੂਰਬੀ ਰਾਜਾਂ ਨਾਲ ਇੱਕ ਵਰਚੁਅਲ ਮੀਟਿੰਗ 19 ਜਨਵਰੀ ਨੂੰ ਹੋਣ ਵਾਲੀ ਹੈ।