ਖਰੜ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਕੱਟੇ ਜਾਣ ‘ਤੇ ਭਾਵੁਕ ਹੋਏ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਭਰੇ ਮਨ ਨਾਲ ਕਹਿ ਰਿਹਾ ਹਾਂ ਕਿ ਚਰਨਜੀਤ ਚੰਨੀ ਨੇ ਮੇਰੀ ਟਿਕਟ ਕਟਵਾਈ ਹੈ, ਜਦਕਿ ਹਾਈਕਮਾਨ ਮੇਰੇ ਨਾਲ ਸੀ। ਉਨ੍ਹਾਂ ਹਾਈਕਮਾਨ ਨੂੰ ਅਪੀਲ ਟਿਕਟ ‘ਤੇ ਦੁਬਾਰਾ ਗ਼ੌਰ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਾਈਕਮਾਨ ਅਜਿਹਾ ਨਹੀਂ ਕਰਦੀ ਤਾਂ ਉਨ੍ਹਾਂ ਦਾ ਬੇਟਾ ਰਾਜਵਿੰਦਰ ਕੰਗ ਖਰੜ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ।
ਉਨ੍ਹਾਂ ਕਿਹਾ ਕਿ ਮੈਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੰਨੀ ਨੇ ਇਹ ਗੱਲ ਕਹੀ ਹੈ ਕਿ ਮੈਂ ਉਥੋਂ ਜਿੱਤ ਨਹੀਂ ਸਕਦਾ ਅਤੇ ਇਥੋਂ ਹਿੰਦੂ ਉਮੀਦਵਾਰ ਚਾਹੀਦਾ ਹੈ ਪਰ ਸਰਵੇਅ ਵਿੱਚ ਲੋਕਾਂ ਨੇ ਮੈਨੂੰ ਹੀ ਵੋਟਾਂ ਦਿੱਤੀਆਂ ਹਨ।
ਜਗਮੋਹਨ ਸਿੰਘ ਨੇ ਕਿਹਾ ਕਿ ਇਥੋਂ ਜੱਟ-ਸਿੱਖ ਹੀ ਜਿੱਤਦਾ ਆਇਆ ਹੈ। ਸੀ.ਐੱਮ. ਚੰਨੀ ਪਾਰਟੀ ਨੂੰ ਤੋੜ ਰਹੇ ਹਨ। ਉਨ੍ਹਾਂ ਨੇ ਤਾਰਾ ਚੰਦ ਗੁਪਤਾ ਤੇ ਨਟਰਾਜਨ ਦਾ ਨਾਂ ਰੱਖਿਆ ਜਦਕਿ ਮੇਰਾ ਨਾਂ ਅੱਗੇ ਨਹੀਂ ਰੱਖਿਆ ਅਤੇ ਉਸ ਪਿੱਛੋਂ ਹਰੀਸ਼ ਚੌਧਰੀ ਨਾਲ ਮਿਲ ਕੇ ਫੈਸਲਾ ਕਰਵਾਇਆ। ਚੰਨੀ ਨੇ ਮਿਲੀਭੁਗਤ ਕਰਕੇ ਮੇਰੇ ਖਿਲਾਫ ਟਿਕਟ ਐਲਾਨ ਕਰਵਾਈ। ਇਸ ਵਾਰ ਮੈਂ ਆਪਣੇ ਬੇਟੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜਵਿੰਦਰ ਕੰਗ ਲਈ ਟਿਕਟ ਦੀ ਮੰਗ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਉਨ੍ਹਾਂ ਕਿਹਾ ਕਿ ਮੈਂ 47 ਸਾਲ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ਤੇ 1992 ਤੋਂ ਹਲਕੇ ਦੀ ਸੇਵਾ ਕਰ ਰਿਹਾ ਹਾਂ। ਪਹਿਲਾਂ ਮੈਂ ਮੋਰਿੰਡਾ ਹਲਕੇ ਵਿੱਚ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵੀ ਮੇਰੇ ਨਾਲ ਸੰਪਰਕ ਕੀਤਾ ਹੈ ਪਰ ਅਜੇ ਮੈਂ ਦੁਚਿੱਤੀ ਵਿੱਚ ਹਾਂ।
ਇਸ ਦੌਰਾਨ ਰਾਜਵਿੰਦਰ ਕੰਗ ਨੇ ਕਿਹਾ ਕਿ ਚੰਨੀ ਘਬਰਾਏ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਹਾਈਕਮਾਨ ਖਰੜ ਤੋਂ ਟਿਕਟ ਨਹੀਂ ਦਿੰਦੀ ਤਾਂ ਮੈਂ ਆਜ਼ਾਦ ਚੋਣ ਲੜਾਂਗਾ ਤੇ ਚਮਕੌਰ ਸਾਹਿਬ ਜਾ ਕੇ ਚੰਨੀ ਖ਼ਿਲਾਫ ਪ੍ਰਚਾਰ ਕਰਕੇ ਸੱਚ ਦੱਸਾਂਗੇ।