ਸੀ.ਐੱਮ. ਭਗਵੰਤ ਮਾਨ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਫੈਸਲੇ ਨੂੰ ਲੈ ਕੇ ਸਾਬਕਾ ਕਾਂਗਰਸੀ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਇਸ ਨੂੰ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਦੱਸਿਆ।
ਉਨ੍ਹਾਂ ਕਿਹਾ ਕਿ ਰਾਜ ਵਿੱਚ ਪਹਿਲਾਂ ਹੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (OCCU) ਬਣੀ ਹੋਈ ਹੈ। ਇਹ ਵੀ ਗੈਂਗਸਟਰਾਂ ‘ਤੇ ਕਾਰਵਾਈ ਲਈ ਬਣੀ ਸੀ। ਪਰਗਟ ਨੇ ਕਿਹਾ ਕਿ ਸਾਡੇਕੋਲ ਪਹਿਲਾਂ ਹੀ ਟੀਮ ਹੈ, ਲੋੜ ਸਿਆਸੀ ਇੱਛਾਸ਼ਕਤੀ ਹੈ। ਕੀ ਉਹ ਆਮ ਆਦਮੀ ਪਾਰਟੀ ਦੇ ਕੋਲ ਹੈ।
ਦੱਸ ਦੇਈਏ ਕਿ ਬੀਤੇ ਦਿਨ ਮਾਨ ਸਰਕਾਰ ਨੇ ਗੈਂਗਸਟਰਾਂ ਖਿਲਾਫ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਟਾਸਕ ਫੋਰਸ ਨੂੰ ਪੂਰੀ ਤਾਕਤ ਦਿੱਤੀ ਜਾਏਗੀ। ਉਨ੍ਹਾਂ ਦੇ ਸਪੈਸ਼ਲ ਥਾਣੇ ਖੁੱਲ੍ਹਣਗੇ। ਉਨ੍ਹਾਂ ਦਾ ਅਧਿਕਾਰ ਖੇਤਰ ਪੂਰਾ ਪੰਜਾਬ ਹੋਵੇਗਾ ਯਾਨੀ ਉਹ ਕਿਤੇ ਵੀ ਜਾ ਕੇ ਗੈਂਗਸਟਰਾਂ ‘ਤੇ ਕਾਰਵਾਈ ਕਰ ਸਕਦੇ ਹਨ।
ਦੂਜੇ ਪਾਸੇ ਪੰਜਾਬ ਪੁਲਿਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਵਿੱਚ 2018 ਵਿੱਚ ‘ਓਕੂ’ ਗਠਿਤ ਕੀਤੀ ਸੀ। ਡੀਜੀਪੀ ਸੁਰੇਸ਼ ਅਰੋੜਾ ਦੀ ਬਣਾਈ ਗਈ ਇਸ ਯੂਨਿਟ ਨੇ ਏ ਤੇ ਬੀ ਕੈਟਾਗਰੀ ਦੇ ਕਰੀਬ 20 ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਸੀ। ਇਸ ਤੋਂ ਇਲਾਵਾ 500 ਗੈਂਗਸਟਰਾਂ ਵਿੱਚੋਂ 300 ਨੂੰ ਓਕੂ ਨੇ ਗ੍ਰਿਫਤਾਰ ਕੀਤਾ ਸੀ। ਇਹ ਗੈਂਗਸਟਰ 70 ਗੈਂਗਾਂ ਨਾਲ ਜੁੜੇ ਹੋਏ ਸਨ। ਅਜਿਹੇ ਗੈਂਗਸਟਰਾਂ ਲਈ ਬਠਿੰਡਾ ਜੇਲ੍ਹ ਵਿੱਚ ਸਪੈਸ਼ਲ ਸੈੱਲ ਵੀ ਬਣਾਇਾ ਗਿਆ ਸੀ। ਇਸ ਵੇਲੇ ‘ਆਪ’ ਦੇ ਵਿਧਾਇਕ ਬਣੇ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਨੂੰ ਲੀਡ ਕਰ ਰਹੇ ਸਨ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਅਸਤੀਫਾ ਦੇ ਦਿੱਤਾ ਸੀ।