ਰੇਤ ਮਾਈਨਿੰਗ ਮਾਮਲੇ ਵਿੱਚ ਈਡੀ ਨੇ ਅੱਜ ਸਾਬਕਾ ਸੀ.ਐੱਮ. ਚੰਨੀ ਤੋਂ 6 ਘੰਟੇ ਤੱਕ ਪੁੱਛਗਿੱਛ ਕੀਤੀ। ਈਡੀ ਦੇ ਅਧਿਕਾਰੀਆਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਾਬਕਾ ਸੀ.ਐੱਮ. ਨੇ ਬੁੱਧਵਾਰ ਰਾਤ ਨੂੰ ਪੀ.ਐੱਮ.ਐੱਲ.ਏ. ਹਿਤ ਬਿਆਨ ਦਰਜ ਕਰਵਾਏ ਹਨ। ਪੁੱਛਗਿੱਛ ਵਿੱਚ ਚੰਨੀ ਤੋਂ ਹਨੀ ਨਾਲ ਕੀਤੀਆਂ ਗੀਆਂ ਯਾਤਰਾਵਾਂ ਬਾਰੇ ਸਵਾਲ ਕੀਤੇ ਗਏ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈਡੀ ਨੇ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ ‘ਤੇ ਸ਼ਿਕੰਜਾ ਕੱਸਦੇ ਹੋਏ ਕਾਰਵਾਈ ਕੀਤੀ ਸੀ। ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਗ੍ਰਿਫਤਾਰ ਕੀਤਾ ਸੀ। ਦੂਜੇ ਪਾਸੇ ਸਰਕਾਰ ਵਿੱਚ ਰਹਿੰਦੇ ਸਾਬਕਾ ਸੀ.ਐੱਮ. ਚੰਨੀ ਵੀ ਵਾਰ-ਵਾਰ ਸੰਮਨ ਦੇ ਬਾਵਜੂਦ ਈਡੀ ਸਾਹਮਣੇ ਪੇਸ਼ ਨਹੀਂ ਹੋਏ ਸਨ। ਹੁਣ ਸੱਤਾ ਤੇ ਅਹੁਦਾ ਜਾਣ ਤੋਂ ਬਾਅਦ ਮਿਲੇ ਸੰਮਨ ‘ਤੇ ਸਿੱਧੇ ਈਡੀ ਜਲੰਧਰ ਦੇ ਦਫਤਰ ਪਹੁੰਚ ਗਏ। ਅਪ੍ਰੈਲ ਦੇ ਸ਼ੁਰੂ ਵਿੱਚ ਹੀ ਹਨੀ ਤੇ ਇਸ ਮਾਮਲੇ ਵਿੱਚ ਨਾਮਜ਼ਦ ਹੋਰ ਲੋਕਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ।
ਈਡੀ ਅਧਿਕਾਰੀਆਂ ਨੇ ਚੰਨੀ ਤੋਂ ਹਨੀ ਤੇ ਹੋਰ ਲੋਕਾਂ ਨਾਲ ਉਨ੍ਹਾਂ ਦੇ ਸਬੰਧਾਂ ਤੇ ਮੁੱਖ ਮੰਤਰੀ ਦਫਤਰ ਵਿੱਚ ਉਨ੍ਹਾਂ ਦੇ ਭਤੀਜੇ ਦੀਆਂ ਕੁਝ ਯਾਤਰਾਵਾਂ ਬਾਰੇ ਪੁੱਛਗਿੱਛ ਕੀਤੀ। ਨਾਲ ਹੀ ਸੂਤਰਾਂ ਮੁਤਾਬਕ ਉਨ੍ਹਾਂ ਤੋਂ ਰਾਜ ਵਿੱਚ ਗੈਰ-ਕਾਨੂੰਨੀ ਮਾਈਨਿੰਗ ਮੁਹਿੰਮ ਤਹਿਤ ਕੁਝ ਅਧਿਕਾਰੀਆਂ ਦੇ ਤਬਾਦਲਿਆਂ ਤੇ ਨਿਯੁਕਤੀਆਂ ਦੇ ਦੋਸ਼ਾਂ ਬਾਰੇ ਵੀ ਪੁੱਛਗਿੱਛ ਕੀਤੀ ਗਈ।
ਪੁੱਛ-ਗਿੱਛ ਮਗਰੋਂ ਚੰਨੀ ਨੇ ਵੀ ਇਸ ਬਾਰੇ ਦੱਸਦਿਆਂ ਟਵੀਟ ਕੀਤਾ ਸੀ ਕਿ ਮੈਨੂੰ ਈਡੀ ਨੇ ਕੱਲ੍ਹ ਮਾਈਨਿੰਗ ਮਾਮਲੇ ਵਿੱਚ ਸੰਮਨ ਭੇਜਿਆ ਸੀ। ਜਿਸ ਲਈ ਮੈਂ ਹਾਜ਼ਰੀ ਭਰੀ ਅਤੇ ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮਾਮਲੇ ਵਿੱਚ ਈਡੀ ਵੱਲੋਂ ਇੱਕ ਚਲਾਣ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਿਆ ਹੈ। ਅਧਿਕਾਰੀਆਂ ਨੇ ਮੈਨੂੰ ਦੁਬਾਰਾ ਆਉਣ ਲਈ ਨਹੀਂ ਕਿਹਾ ਹੈ।
ਦੱਸ ਦੇਈਏ ਕਿ 18 ਜਨਵਰੀ ਨੂੰ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੋਂ ਈਡੀ ਦੀ ਟੀਮ ਨੇ 10 ਕਰੋੜ ਰੁਪਏ ਅਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਸੀ ਤੇ ਪੁੱਛਗਿੱਛ ਤੋਂ ਬਾਅਦ ਉਸ ਨੂੰਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਜੇਲ੍ਹ ਭੇਜੇ ਗਏ ਹਨੀ ਨੇ ਅਦਾਲਤ ਵਿੱਚ ਜ਼ਮਾਨਤ ਦੀ ਪਟੀਸ਼ਨ ਲਾ ਦਿੱਤੀ ਹੈ। ਹਨੀ ’ਤੇ ਦੋਸ਼ ਹੈ ਕਿ ਉਸ ਨੇ ਚਰਨਜੀਤ ਚੰਨੀ ਦੇ ਇਸ਼ਾਰੇ ’ਤੇ ਨਾਜਾਇਜ਼ ਮਾਈਨਿੰਗ ਕਰਵਾ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਬਦਲੇ ਵਿੱਚ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਈਡੀ ਦੀ ਟੀਮ ਨੇ ਹਨੀ ਦੇ ਲੁਧਿਆਣਾ ਸਮੇਤ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ 10 ਕਰੋੜ ਬਰਾਮਦ ਕੀਤੇ ਸਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”