ਦੇਸ਼ ਵਿੱਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਲੱਗਾ ਹੈ, ਜਿਸ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪਿਛਲੇ ਲਗਭਗ 2 ਸਾਲਾਂ ਤੋਂ ਕੋਵਿਡ-19 ਦੇ ਨਵੇਂ-ਨਵੇਂ ਵੇਰੀਏਂਟ ਸਾਹਮਣੇ ਆ ਰਹੇ ਹਨ। ਕੁਝ ਸਮਾਂ ਪਹਿਲਾਂ ਭਾਰਤ ਵਿੱਚ ਕੋਰੋਨਾ ਦਾ ਨਵਾਂ ਵੇਰੀਏਂਟ XE ਵੀ 2 ਰਾਜਾਂ (ਗੁਜਰਾਤ ਤੇ ਮਹਾਰਾਸ਼ਟਰ) ਵਿੱਚ ਦਸਤਕ ਦੇ ਚੁੱਕਾ ਹੈ।
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵੱਚ ਕੁਲ ਐਕਟਿਵ ਮਾਮਲਿਆਂ ਦੀ ਗਿਣਤੀ 11,91 ਹੋ ਗਈ ਹੈ। ਕੇਸ ਲਗਾਤਾਰ ਵਧਣ ਤੋਂ ਬਾਅਦ ਕਈ ਮਾਹਰ ਚੌਥੀ ਲਹਿਰ ਦਾ ਖਦਸ਼ਾ ਵੀ ਜਤਾ ਰਹੇ ਹਨ। ਚੌਥੀ ਲਹਿਰ ਨੂੰ ਲੈ ਕੇ IIT ਕਾਨਪੁਰ ਨੇ ਇੱਕ ਸਟੱਡੀ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਚੌਥੀ ਲਹਿਰ ਕਦੋਂ ਆ ਸਕਦੀ ਹੈ।
IIT ਕਾਨਪੁਰ ਦੇ ਮਾਹਰਾਂ ਨੇ ਕੁਝ ਸਮਾਂ ਪਹਿਲਾਂ ਇੱਕ ਰਿਸਰਚ ਕੀਤੀ ਸੀ, ਜਿਸ ਮੁਤਾਬਕ ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੀ ਸੰਭਾਵਿਤ ਚੌਥੀ ਲਹਿਰ 22 ਜੂਨ 2022 ਦੇ ਨੇੜੇ-ਤੇੜੇ ਸ਼ੁਰੂ ਹੋ ਸਕਦੀ ਹੈ। ਇਸ ਲਹਿਰ ਦਾ ਪੀਕ ਅਗਸਤ ਦੇ ਅਖੀਰ ਵਿੱਚ ਸਿਖਰ ‘ਤੇ ਹੋ ਸਕਦਾ ਹੈ। ਰਿਪੋਰਟ ਮੁਤਾਬਕ ਸ਼ੇਅਰ ਕੀਤੇ ਗਏ ਰਿਵਿਊ ਵਿੱਚ ਕਿਹਾ ਗਿਆ ਹੈ ਕਿ ਚੌਥੀ ਲਹਿਰ ਦਾ ਪਤਾ ਲਗਾਉਣ ਲਈ ਅੰਕੜਾ ਮਾਡਲਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚ ਵੇਖਿਆ ਗਿਆ ਕਿ ਸੰਭਾਵਿਤ ਨਵੀਂ ਲਹਿਰ 4 ਮਹੀਨੇ ਤੱਕ ਚੱਲੇਗੀ।
ਰਿਸਰਚ ਵਿੱਚ ਕਿਹਾ ਗਿਆ ਸੀ, ਸਟੱਡੀ ਦਾ ਡਾਟਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਭਾਰਤ ਵਿੱਚ ਕੋਵਿਡ-19 ਦੀ ਚੌਥੀ ਲਹਿਰ ਮੁੱਢਲੇ ਡਾਟਾ ਉਪਲਬਧ ਹੋਣ ਦੀ ਤਰੀਕ ਤੋਂ 936 ਦਿਨਾਂ ਬਾਅਦ ਆਏਗੀ। ਮੁੱਢਲੇ ਡਾਟਾ ਦੀ ਉਪਲਬਧਤਾ ਦੀ ਤਰੀਕ 30 ਜਨਵਰੀ 2020 ਹੈ, ਇਸ ਲਈ ਚੌਥੀ ਲਹਿਰ ਦੀ ਸੰਭਾਵਿਤ ਤਰੀਕ 22 ਜੂਨ 2022 ਤੋਂ ਸ਼ੁਰੂ ਹੋ ਸਕਦੀ ਹੈ। 23 ਅਗਸਤ ਦੇ ਨੇੜੇ-ਤੇੜੇ ਪੀਕ ਰਹੇਗਾ ਤੇ 24 ਅਕਤੂਬਰ 2022 ਤੱਕ ਲਹਿਰ ਖ਼ਤਮ ਹੋ ਸਕਦੀ ਹੈ।
IIT ਕਾਨਪੁਰ ਦੇ ਗਣਿਤ ਤੇ ਅੰਕੜਾ ਵਿਭਾਗ ਦੇ ਸਬਰਾ ਪ੍ਰਸਾਦ ਰਾਜੇਸ਼ ਭਾਈ, ਸੁਭਰਾ ਸ਼ੰਕਰ ਧਰ ਤੇ ਸ਼ਲਭ ਦੀ ਅਗਵਾਈ ਵਿੱਚ ਇਹ ਸਟੱਡੀ ਕੀਤੀ ਗਈ। ਇਸ ਸਟੱਡੀ ਤੋਂ ਪਤਾ ਲੱਗਦਾ ਹੈ ਕਿ ਚੌਥੀ ਲਹਿਰ ਦੀ ਗੰਭੀਰਤਾ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਏਂਟ ਤੇ ਵੈਕਸੀਨੇਸ਼ਨ ਦੀ ਸਥਿਤੀ ‘ਤੇ ਨਿਰਭਰ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੱਸ ਦੇਈਏ ਕਿ ਇਸ ਸਾਲ ਜੂਨ ਵਿੱਚ ਕੋਵਿਡ-19 ਦੀ ਚੌਥੀ ਲਹਿਰ ਦੀ ਭਵਿੱਖਬਾਣੀ ਕਰਨ ਵਾਲੇ IIT-ਕਾਨਪੁਰ ਦੀ ਸਟੱਡੀ ‘ਤੇ ਨੀਤੀ ਕਮਿਸ਼ਨ ਨੇ ਕਿਹਾ ਸੀ, ਉਹ ਇਸ ਤਰ੍ਹਾਂ ਦੀ ਸਟੱਡੀ ਨੂੰ ਬੜੇ ਸਨਮਾਨ ਨਾਲ ਵੇਖਦੀ ਹੈ ਪਰ ਅਜੇ ਇਸ ਨੂੰ ਜਾਂਚਣਾ ਬਾਕੀ ਹੈ ਕਿ ਇਸ ਸਪੈਸ਼ਲ ਰਿਪੋਰਟ ਦਾ ਵਿਗਿਆਨੀ ਮੁੱਲ ਹੈ ਜਾਂ ਨਹੀਂ।
ਦੂਜੇ ਪਾਸੇ ਹਿੰਦੁਜਾ ਹਸਪਤਾਲ ਤੇ ਮੈਡੀਕਲ ਰਿਸਰਚ ਸੈਂਟਰ ਖਾਰ ਵਿੱਚ ਕ੍ਰਿਟੀਕਲ ਕੇਅਰ ਦੇ ਸਲਾਹਕਾਰ ਡਾ. ਭਾਰੇਸ਼ ਡੇਢੀਆ ਮੁਤਾਬਕ XE ਹਾਈਬ੍ਰਿਡ ਸਟ੍ਰੇਨ ਦਾ ਮੈਡੀਕਲੀ ਤੌਰ ‘ਤੇ ਕੋਈ ਵੀ ਇਸ ਵੇਰੀਏਂਟ ਵਿਚਾਲੇ ਫਰਕ ਨਹੀਂ ਕਰ ਸਕਦਾ। ਇੰਝ ਲੱਗਦਾ ਹੈ ਕਿ ਨਵਾਂ ਸਬ-ਵੇਰੀਏਂਟ XE, ਓਮੀਕ੍ਰੋਨ ਦੇ ਸਾਰੇ ਲੱਛਣਾਂ ਦੇ ਹੀ ਵਾਂਗ ਹੈ। ਇਹ ਆਮ ਤੌਰ ‘ਤੇ ਹਲਕਾ ਹੈ ਤੇ ਬਹੁਤ ਗੰਭੀਰ ਵੀ ਨਹੀਂ ਹੈ। ਇਹ ਧਿਆਨ ਰਖਣਾ ਚਾਹੀਦਾ ਹੈ ਕਿ XE ਵੇਰੀਏਂਟ ਲਗਭਗ 3 ਮਹੀਨੇ ਤੋਂ ਮੌਜੂਦ ਹੈ ਤੇ ਅਜੇ ਤੱਕ ਓਮੀਕ੍ਰੋਨ ਵਾਂਗ ਪੂਰੀ ਦੁਨੀਆ ਵਿੱਚ ਨਹੀਂ ਫੈਲਿਆ ਹੈ, ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ ਕੋਈ ਵੱਖਰਾ ਵੇਰੀਏਂਟ ਨਹੀਂ ਹੈ, ਸਗੋਂ ਓਮੀਕ੍ਰਾਨ ਵਾਂਗ ਹੀ ਹੈ।