ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਮੰਗਲਵਾਰ ਦੁਪਹਿਰ ਕਰੀਬ 3.45 ਵਜੇ ਇੱਕ ਝੁੱਗੀ ਵਿੱਚ ਅੱਗ ਲੱਗਣ ਕਰਕੇ ਸੱਤ ਲੋਕ ਜਿਊਂਦੇ ਸੜ ਗਏ। ਘਟਨਾ ਸਮਰਾਲਾ ਚੌਕ ਨੇੜੇ ਟਿੱਬਾ ਰੋਡ ‘ਤੇ ਸਥਿਤ ਮੱਕੜ ਕਾਲੋਨੀ ਦੀ ਹੈ।
ਇਥੇ ਕੂੜੇ ਦੇ ਢੇਰ ਨਾਲ ਬਣੀ ਝੁੱਗੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਰੌਲਾ ਸੁਣ ਕੇ ਲੋਕ ਦੌੜੇ ਆਏ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ, ਜਿਨ੍ਹਾਂ ਨੇ ਕਾਫੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਪਰ ਅੱਗ ਇੰਨੀ ਜ਼ਿਆਦਾ ਸੀ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਬਾਹਰ ਨਹੀਂ ਨਿਕਲ ਸਕਿਆ। ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਨੂੰ ਬਚਾਇਆ ਨਹੀਂ ਜਾ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਘਟਨਾ ‘ਚ ਪਰਿਵਾਰ ਦੇ 7 ਮੈਂਬਰ ਜਿਊਂਦੇ ਸੜ ਗਏ। ਪਰਿਵਾਰ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ‘ਚ ਪਤੀ-ਪਤਨੀ ਅਤੇ ਉਨ੍ਹਾਂ ਦੇ 5 ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਸਾਹਨੀ (55), ਉਸ ਦੀ ਪਤਨੀ ਅਰੁਣਾ ਦੇਵੀ (52), ਧੀ ਰਾਖੀ (15), ਮਨੀਸ਼ਾ (10), ਗੀਤਾ (8), ਚੰਦਾ (5) ਅਤੇ 2 ਸਾਲਾਂ ਪੁੱਤਰ ਸੰਨੀ ਵਜੋਂ ਹੋਈ ਹੈ। ਪਰਿਵਾਰ ਦਾ ਵੱਡਾ ਪੁੱਤਰ ਰਾਜੇਸ਼ ਬਚ ਗਿਆ, ਜੋ ਆਪਣੇ ਦੋਸਤ ਦੇ ਘਰ ਸੌਣ ਲਈ ਗਿਆ ਸੀ।
ਅੱਗ ਦੀ ਸੂਚਨਾ ਮਿਲਦੇ ਹੀ ਰਾਜੇਸ਼ ਮੌਕੇ ‘ਤੇ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਸੁਰੇਸ਼ ਕੁਮਾਰ ਸਕਰੈਪ ਡੀਲਰ ਦਾ ਕੰਮ ਕਰਦਾ ਸੀ। ਅੱਗ ਕਿਵੇਂ ਲੱਗੀ ਇਸ ਬਾਰੇ ਕੋਈ ਨਹੀਂ ਦੱਸ ਪਾ ਰਿਹਾ। ਸੂਚਨਾ ਮਿਲਦੇ ਹੀ ਪੁਲਿਸ, ਹਸਪਤਾਲ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਡੀਸੀ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਕੌਸਤਬ ਸ਼ਰਮਾ ਵੀ ਮੌਕੇ ’ਤੇ ਪੁੱਜੇ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”