ਪੰਜਾਬ ਵਿਚ ਅੱਜ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋ ਰਹੀ ਹੈ। ਸਰਕਾਰ ਵੱਲੋਂ ਇਸ ਵਾਰ ਸਿੱਧੀ ਬਿਜਾਈ ਹੇਠ 12 ਲੱਖ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ 6 ਲੱਖ ਹੈਕਟੇਅਰ ਰਕਬੇ ਵਿੱਚ ਸਿੱਧੀ ਬਿਜਾਈ ਹੋਈ ਸੀ।
ਸੂਬਾ ਸਰਕਾਰ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਤੇ ਪਨੀਰੀ ਰਾਹੀਂ ਝੋਨਾ ਲਾਉਣ ਦੀ ਪ੍ਰਕਿਰਿਆ ਨੂੰ ਘਟਾਉਣ ਲਈ 1,500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੋਇਆ ਹੈ। ਸੂਬੇ ਵਿੱਚ ਇਹ ਪਹਿਲੀ ਵਾਰ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਇਸ ਵਾਰ ਬਾਗਬਾਨੀ ਵਿਭਾਗ ਤੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਖੇਤੀ ਵਿਭਾਗ ਨਾਲ ਜੁੱਟਣ ਦੀ ਵੱਖਰੇ ਤੌਰ ’ਤੇ ਹਦਾਇਤ ਕੀਤੀ ਗਈ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ 15 ਤੋਂ 20 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ ਤੇ 12 ਫੀਸਦੀ ਪਾਣੀ ਜ਼ਮੀਨ ਵਿਚ ਵਧ ਰਿਚਾਰਜ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਤੋਂ ਬਦਲੇਗਾ ਮੌਸਮ, ਅਗਲੇ ਕਈ ਦਿਨਾਂ ਤੱਕ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੇ ਆਸਾਰ
ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਖੇਤੀਬਾੜੀ ਵਿਭਾਗ ਵੱਲੋਂ ਪਾਣੀ ਦੀ ਬੱਚਤ ਸਬੰਧੀ ਇੱਕ ਰੋਜ਼ਾ ਵਿਸ਼ੇਸ਼ ਟਰੇਨਿੰਗ ਲਗਾਈ ਗਈ, ਜਿਸ ਵਿੱਚ 129 ਅਧਿਕਾਰੀਆਂ ਨੇ ਇਸ ਬਿਜਾਈ ਦੇ ਮਾਹਿਰਾਂ ਵੱਲੋਂ ਗੁਰਮੰਤਰ ਸਿੱਖੇ। ਇਸ ਟਰੇਨਿੰਗ ਵਿੱਚ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਅਤੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀ/ ਕਰਮਚਾਰੀਆਂ ਤੋਂ ਇਲਾਵਾ ਅਗਾਹਵਧੂ ਕਿਸਾਨਾਂ ਨੇ ਵੀ ਭਾਗ ਲਿਆ।
ਦੂਜੇ ਪਾਸੇ ਹਰਿਆਣਾ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ 4 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਬੁੱਧਵਾਰ ਨੂੰ ਹੀ ਐਲਾਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: