ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰ ਕਾਂਗਰਸੀ ਲੀਡਰਾਂ ਨਾਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਉਨ੍ਹਾਂ ਨੂੰ ਮਿਲਣ ਪਹੁੰਚੇ, ਪਰ ਉਨ੍ਹਾਂ ਨੂੰ ਸੀ.ਐੱਮ. ਮਾਨ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ, ਜਿਸ ‘ਤੇ ਰਾਜਾ ਵੜਿੰਗ ਸਣੇ ਸਾਰੇ ਵੱਡੇ ਲੀਡਰਾਂ ਨੇ ਸੀ.ਐੱਮ. ਮਾਨ ਦੀ ਰਿਹਾਇਸ਼ ਅੱਗੇ ਧਰਨਾ ਲਾ ਲਿਆ। ਉਨ੍ਹਾਂ ਕਿਹਾ ਕਿ ਦੋਂ ਤੱਕ ਮੁੱਖ ਮਤੰਰੀ ਦਾ ਕੋਈ ਜਵਾਬ ਨਹੀਂ ਆਉਂਦਾ ਉਹ ਇਥੋਂ ਨਹੀਂ ਉਠਣਗੇ।
ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜਦੋਂ ਉਹ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਨੂੰ ਅੰਦਰ ਲਿਜਾ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਉਹਨਾਂ ਦੇ ਫੋਨ ਰੱਖ ਲਏ ਗਏ। ਉਹਨਾਂ ਨੂੰ ਕਾਫੀ ਸਮਾਂ ਬਿਠਾ ਕੇ ਰੱਖਿਆ ਪਰ ਬਾਅਦ ਵਿਚ ਕਹਿ ਦਿੱਤਾ ਗਿਆ ਕਿ ਮੁੱਖ ਮੰਤਰੀ ਉਹਨਾਂ ਨਾਲ ਕੱਲ੍ਹ 1 ਵਜੇ ਮੁਲਾਕਾਤ ਕਰਨਗੇ। ਇਸ ਲਈ ਕਾਂਗਰਸ ਲੀਡਰਸ਼ਿਪ ਕੱਲ੍ਹ 1 ਵਜੇ ਤੱਕ ਧਰਨੇ ‘ਤੇ ਬੈਠੇਗੀ।
ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਤੋਂ ਮੀਟਿੰਗ ਲਈ ਸਮਾਂ ਮੰਗਿਆ ਸੀ ਫ਼ਿਰ ਵੀ ਸਾਨੂੰ ਪੌਣਾ ਘੰਟਾ ਮੁੱਖ ਮੰਤਰੀ ਨਿਵਾਸ ਦੇ ਬਾਹਰ ਖੜ੍ਹਾ ਰੱਖਿਆ ਗਿਆ। ਇਸ ਦੌਰਾਨ ਸੀ.ਐੱਮ. ਰਿਹਾਇਸ਼ ਵਿੱਚ ਜਾਣ ਨੂੰ ਲੈ ਕੇ ਰਾਜਾ ਵੜਿੰਗ ਅਤੇ ਅਧਿਕਾਰੀਆਂ ਵਿਚਾਲੇ ਬਹਿਸ ਵੀ ਹੋਈ।
ਇਸ ਦੌਰਾਨ ਰਾਜਾ ਵੜਿੰਗ ਦੇ ਨਾਲ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਤੇ ਹੋਰ ਕਾਂਗਰਸੀ ਵਰਕਰ ਮੌਜੂਦ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਸੂਬੇ ਦੀ ਸਰਕਾਰ ਨੇ ਮੁੱਖ ਵਿਰੋਧੀ ਧਿਰ ਨੂੰ ਇਸ ਤਰ੍ਹਾਂ ਜ਼ਲੀਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: