ਵਿਧਾਨ ਸਭਾ ਚੋਣਾਂ ‘ਚ ਨਮੋਸ਼ੀ ਭਰੀ ਹਾਰ ਦੇ ਬਾਵਜੂਦ ਪੰਜਾਬ ਕਾਂਗਰਸ ‘ਚ ਹੰਗਾਮਾ ਨਹੀਂ ਰੁਕਿਆ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਅਤੇ ਵਿਧਾਇਕ ਸੰਦੀਪ ਜਾਖੜ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਹੁਣ ਇਸ ਵਿੱਚ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੀ ਕੁੱਦ ਪਏ ਹਨ। ਢਿੱਲੋਂ ਨੇ ਕਿਹਾ ਕਿ ਸੰਦੀਪ ਜਾਖੜ ਵਿਧਾਇਕ ਬਣੇ ਰਹਿਣਾ ਚਾਹੁੰਦੇ ਹਨ, ਇਸ ਲਈ ਉਹ ਕਾਂਗਰਸ ਨਹੀਂ ਛੱਡ ਰਹੇ। ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਜਾਖੜ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਾਏ ਸਨ। ਜਿਸ ਦੇ ਜਵਾਬ ‘ਚ ਵਿਧਾਇਕ ਜਾਖੜ ਨੇ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ‘ਚੋਂ ਕੱਢ ਦਿੱਤਾ ਜਾਵੇ।
ਢਿੱਲੋਂ ਨੇ ਸਵਾਲ ਕੀਤੇ ਕਿ ਵਿਧਾਇਕ ਜਾਖੜ ਪਾਰਟੀ ਪ੍ਰਧਾਨ ਵੜਿੰਗ ਨੂੰ ਚੈਲੰਜ ਦੇ ਰਹੇ ਹਨ, ਉਹ ਖੁਦ ਦੱਸਣ ਪਿਛਲੇ 5 ਮਹੀਨਿਆਂ ਵਿੱਚ ਪਾਰਟੀ ਦੇ ਕਿਸੇ ਪ੍ਰੋਗਰਾਮ ਵਿੱਚ ਆਏ ਹਨ? ਕੀ ਉਹ ਰਾਹੁਲ ਗਾਂਧੀ ਨੂੰ ਆਪਣਾ ਨੇਤਾ ਮੰਨਦੇ ਹਨ? ਕੀ ਉਹ ਕਾਂਗਰਸ ਨੂੰ ਆਪਣੀ ਪਾਰਟੀ ਮੰਨਦੇ ਹਨ? ਕੀ ਉਹ ਭਾਜਪਾ ਦੀ ਆਲੋਚਨਾ ਕਰਦੇ ਹਨ? ਜਾਖੜ ਦਾ ਭਾਜਪਾ ਨਾਲ ਰਿਸ਼ਤਾ ਡੂੰਘਾ ਹੋ ਗਿਆ ਹੈ। ਉਹ ਆਪਣੇ ਵਿਧਾਇਕ ਦੀ ਕੁਰਸੀ ਬਚਾਉਣ ਲਈ ਚੈਲੰਜ ਕਰਦੇ ਹਨ। ਜੇ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਜਾਂਦਾ ਹੈ ਤਾਂ ਕੀ ਉਨ੍ਹਾਂ ਦੀ ਵਿਧਾਇਕੀ ਬਚੀ ਰਹੇਗੀ? ਢਿੱਲੋਂ ਨੇ ਕਿਹਾ ਕਿ ਜੇ ਚੈਲੰਜ ਦੀ ਗੱਲ ਹੈ ਤਾਂ ਜਾਖੜ ਖੁਦ ਅਸਤੀਫਾ ਦੇਣ ਅਤੇ ਦੁਬਾਰਾ ਚੋਣ ਲੜ ਕੇ ਦਿਖਾਉਣ।
ਇਹ ਵੀ ਪੜ੍ਹੋ : MLA ਸ਼ੀਤਲ ਅੰਗੁਰਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਖੁਦ ਨੂੰ ਦੱਸਿਆ ਲਾਰੈਂਸ ਬਿਸ਼ਨੋਈ ਦਾ ਸਾਥੀ
ਸੰਦੀਪ ਜਾਖੜ ਦਿੱਗਜ ਨੇਤਾ ਸੁਨੀਲ ਜਾਖੜ ਦੇ ਭਤੀਜੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਸੁਨੀਲ ਜਾਖੜ ਦੀ ਥਾਂ ਅਬੋਹਰ ਤੋਂ ਚੋਣ ਲੜੀ ਸੀ। ਕਾਂਗਰਸ 18 ਸੀਟਾਂ ‘ਤੇ ਸਿਮਟ ਗਈ ਪਰ ਜਾਖੜ ਜਿੱਤਣ ‘ਚ ਕਾਮਯਾਬ ਰਹੇ। ਇਸ ਤੋਂ ਬਾਅਦ ਸੁਨੀਲ ਜਾਖੜ ਕਾਂਗਰਸ ਛੱਡ ਕੇ ਹੁਣ ਭਾਜਪਾ ‘ਚ ਸ਼ਾਮਲ ਹੋ ਗਏ ਹਨ, ਜਿਸ ਤੋਂ ਬਾਅਦ ਸੰਦੀਪ ਜਾਖੜ ਕਾਂਗਰਸ ਦੀਆਂ ਅੱਖਾਂ ‘ਚ ਰੜਕਣ ਲੱਗੇ ਹਨ।
ਵੀਡੀਓ ਲਈ ਕਲਿੱਕ ਕਰੋ -: