ਜਲੰਧਰ ਅਤੇ ਕਪੂਰਥਲਾ ਜ਼ਿਲਿਆਂ ਦੀ ਸਰਹੱਦ ‘ਤੇ ਸਥਿਤ ਇਕ ਪਿੰਡ ‘ਚ ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਇਕ ਵੱਡੇ ਨਸ਼ਾ ਤਸਕਰ ਦੇ ਘਰ ਛਾਪੇਮਾਰੀ ਕੀਤੀ, ਜਿਸ ਨੂੰ 13 ਲੱਖ ਘਰ ਦੀਆਂ ਟਾਈਲਾਂ ਹੇਠ ਲੁਕੋਏ ਹੋਏ ਮਿਲੇ। ਕਪੂਰਥਲਾ ਪੁਲਿਸ ਦੇ ਜਾਣ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਉਕਤ ਘਰ ‘ਚ ਛਾਪਾ ਮਾਰ ਕੇ 73 ਲੱਖ 70 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।
ਜਲੰਧਰ ਦਿਹਾਤੀ ਪੁਲਿਸ ਨੇ ਵੀ ਤਿੰਨ ਵਿਅਕਤੀਆਂ ਨੂੰ ਘਰੋਂ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਮੁੱਖ ਨਸ਼ਾ ਤਸਕਰ ਦੋਵਾਂ ਜ਼ਿਲ੍ਹਿਆਂ ਦੀ ਪੁਲਿਸ ਦੇ ਹੱਥ ਨਹੀਂ ਆਇਆ।
ਕਪੂਰਥਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਏ ਨਸ਼ਾ ਤਸਕਰ ਕਸ਼ਮੀਰ ਸਿੰਘ ਉਰਫ ਬਿੱਲਾ ਨੇ ਪਿੰਡ ਡੋਗਰਵਾਲ ਦੇ ਆਰੀਆ ਨਗਰ ‘ਚ ਕਿਰਾਏ ‘ਤੇ ਮਕਾਨ ਲਿਆ ਹੋਇਆ ਹੈ। ਕਸ਼ਮੀਰ ਸਿੰਘ ਇਸੇ ਘਰੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ। ਇਸ ਸੂਚਨਾ ਤੋਂ ਬਾਅਦ ਸੀ.ਆਈ.ਏ ਸਟਾਫ ਕਪੂਰਥਲਾ ਪੁਲਿਸ ਨੇ ਘਰ ਦੇ ਬਾਹਰ ਨਾਕਾ ਲਾ ਦਿੱਤਾ ਪਰ ਉਥੇ ਕੋਈ ਨਹੀਂ ਆਇਆ। ਕਸ਼ਮੀਰ ਸਿੰਘ ਨੂੰ ਪੁਲਿਸ ਨਾਕਾਬੰਦੀ ਦੀ ਸੂਚਨਾ ਮਿਲ ਗਈ ਸੀ, ਇਸ ਲਈ ਉਸ ਨੇ ਘਰ ਦੇ ਆਲੇ-ਦੁਆਲੇ ਵੀ ਨਹੀਂ ਆਇਆ।
ਕਾਫੀ ਦੇਰ ਉਡੀਕਣ ਮਗਰੋਂ ਕਪੂਰਥਲਾ ਪੁਲਿਸ ਨੇ ਇਕ ਗੁਆਂਢੀ ਨੂੰ ਗਵਾਹ ਵਜੋਂ ਲੈ ਕੇ ਘਰ ਦਾ ਤਾਲਾ ਤੋੜ ਕੇ ਅੰਦਰ ਐਂਟਰੀ ਕੀਤੀ। ਪੁਲਿਸ ਨੂੰ ਘਰ ਦੀ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਘਰ ਵਿੱਚ ਲਗਾਈਆਂ ਇੰਟਰਲਾਕਿੰਗ ਟਾਈਲਾਂ ’ਤੇ ਪਈ। ਇਹ ਟਾਈਲਾਂ ਬਾਕੀ ਫ਼ਰਸ਼ ਤੋਂ ਥੋੜ੍ਹੇ ਉੱਪਰ ਉੱਠੀਆਂ ਹੋਈਆਂ ਸਨ। ਪੁਲਿਸ ਟੀਮ ਨੇ ਜਦੋਂ ਲੇਬਰ ਮੰਗਾ ਕੇ ਟਾਈਲਾਂ ਪੁੱਟੀਆਂ ਤਾਂ ਉਥੇ ਲੁਕਾਏ 13 ਲੱਖ ਰੁਪਏ ਬਰਾਮਦ ਹੋਏ। ਇਸ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਘਰ ‘ਚ ਬਣੀ ਪੌੜੀ ਦੇ ਹੇਠਾਂ ਖੁਦਾਈ ਕੀਤੀ ਤਾਂ ਉਥੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ।
ਕਪੂਰਥਲਾ ਪੁਲਿਸ ਦੇ ਘਰੋਂ ਨਿਕਲਦਿਆਂ ਹੀ ਨਸ਼ਾ ਤਸਕਰ ਕਸ਼ਮੀਰ ਸਿੰਘ ਆਪਣੇ ਦੋ ਸਾਥੀਆਂ ਲੱਖਣ ਖੁਰਦ (ਕਪੂਰਥਲਾ) ਵਾਸੀ ਸ਼ਿੰਦਾ ਅਤੇ ਮੁਦੋਵਾਲ ਸੁਭਾਨਪੁਰ (ਕਪੂਰਥਲਾ) ਵਾਸੀ ਸੁਖਪਾਲ ਸਿੰਘ ਨਾਲ ਉਥੇ ਪਹੁੰਚ ਗਿਆ। ਇਹ ਤਿੰਨੋਂ ਘਰ ‘ਚ ਲੁਕਾਏ ਹੋਏ ਪੈਸੇ ਕੱਢ ਰਹੇ ਸਨ, ਜਦੋਂ ਜਲੰਧਰ ਦਿਹਾਤੀ ਅਧੀਨ ਪੈਂਦੇ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਨੇ ਘਰ ‘ਚ ਛਾਪੇਮਾਰੀ ਕੀਤੀ। ਪੁਲਿਸ ਨੇ ਕਸ਼ਮੀਰ ਸਿੰਘ, ਸ਼ਿੰਦਾ ਅਤੇ ਸੁਖਪਾਲ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਰਸੋਈ ਦੀਆਂ ਟਾਈਲਾਂ ਹੇਠ ਲੁਕਾਏ 73 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਇਹ ਰਕਮ ਡਰੱਗ ਮਨੀ ਸੀ।
ਇਹ ਵੀ ਪੜ੍ਹੋ : PAK ‘ਚ ਸਿੱਖ ਕੁੜੀ ਦਾ ਅਗਵਾ, ਧਰਮ ਬਦਲਵਾ ਕੇ ਜ਼ਬਰਦਸਤੀ ਕਰਾਇਆ ਨਿਕਾਹ, ਪੁਲਿਸ ਵੀ ਪਿੱਛੇ ਹਟੀ
ਕਰਤਾਰਪੁਰ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਅਨੁਸਾਰ ਤਿੰਨਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਬਾਈਕ (ਪੀਬੀ-09ਏਐਚ-8108) ’ਤੇ ਨਸ਼ਾ ਵੇਚਣ ਜਾ ਰਹੇ ਸਨ। ਥਾਣਾ ਸਦਰ ਵਿਖੇ ਕਸ਼ਮੀਰ ਸਿੰਘ ਕੋਲੋਂ 125 ਗ੍ਰਾਮ ਹੈਰੋਇਨ ਅਤੇ ਪੰਜ ਲੱਖ ਦੀ ਡਰੱਗ ਮਨੀ ਬਰਾਮਦ ਹੋਈ। ਉਸ ਦੇ ਸਾਥੀ ਸ਼ਿੰਦਾ ਕੋਲੋਂ 15 ਗ੍ਰਾਮ ਹੈਰੋਇਨ ਅਤੇ ਸੁਖਪਾਲ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਤਿੰਨਾਂ ਨੇ ਆਰੀਆ ਨਗਰ ‘ਚ ਕਿਰਾਏ ‘ਤੇ ਲਏ ਮਕਾਨ ਬਾਰੇ ਦੱਸਿਆ। ਉਥੋਂ ਤਲਾਸ਼ੀ ਲੈਣ ‘ਤੇ 73 ਲੱਖ 70 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।
ਜਲੰਧਰ ਦੇ ਐਸਪੀ (ਡਿਟੈਕਟਿਵ) ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਕਸ਼ਮੀਰ ਸਿੰਘ ਪੁੱਤਰ ਸੁਖਦੇਵ ਉਰਫ਼ ਮਨੀ ਪੁਲਿਸ ਦੇ ਹੱਥ ਨਹੀਂ ਆਇਆ। ਕਸ਼ਮੀਰ ਸਿੰਘ ਨੂੰ ਐਨਡੀਪੀਐਸ ਐਕਟ ਤਹਿਤ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। 2020 ਵਿੱਚ ਹੀ ਉਹ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਬਾਹਰ ਆਉਂਦਿਆਂ ਹੀ ਉਸ ਨੇ ਆਪਣੇ ਪੁੱਤਰ ਸੁਖਦੇਵ ਨਾਲ ਮੁੜ ਨਸ਼ਾ ਤਸਕਰੀ ਸ਼ੁਰੂ ਕਰ ਦਿੱਤੀ। ਇਨ੍ਹਾਂ ਦੋਵਾਂ ਦੇ ਅੰਮ੍ਰਿਤਸਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਚੱਲ ਰਹੇ ਨਸ਼ਾ ਤਸਕਰਾਂ ਨਾਲ ਸਬੰਧ ਹਨ।
ਵੀਡੀਓ ਲਈ ਕਲਿੱਕ ਕਰੋ -: