ਪੰਜਾਬ ਵਿਚ ਪਹਿਲੀ ਵਾਰ ਪਾਏ ਗਏ ਸਰਦਰਨ ਰਾਈਸ ਬਲੈਕ ਸਟ੍ਰੀਟ ਸਟੰਟ ਵਾਇਰਸ ਨੇ ਪਠਾਨਕੋਟ ਵਿਚ ਝੋਨੇ ਦੀ ਫਸਲ ਨੂੰ ਸਭ ਤੋਂ ਵਧ ਪ੍ਰਭਾਵਿਤ ਕੀਤਾ ਹੈ। ਇਸ ਸਮੱਸਿਆ ਨੂੰ ਆਮ ਭਾਸ਼ਾ ਵਿਚ ‘ਝੋਨੇ ਦਾ ਬੌਨਾਪਨ’ ਵੀ ਕਿਹਾ ਜਾਂਦਾ ਹੈ। ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਪਠਾਨਕੋਟ ਵਿਚ ਸਭ ਤੋਂ ਵਧ ਫਸਲ ਨੂੰ ਨੁਕਸਾਨ ਪਹੁੰਚਣ ਨਾਲ ਗ੍ਰਸਤ ਕਿਸਾਨ ਆਪਣੇ ਹੱਥਾਂ ਨਾਲ ਬੋਈ ਫਸਲ ਨੂੰ ਨਸ਼ਟ ਕਰ ਰਹੇ ਹਨ।
ਪਠਾਨਕੋਟ ਵਿਚ 4500 ਹੈਕਟੇਅਰ ਰਕਬੇ ਵਿਚ ਫਸਲ ਇਸ ਵਾਇਰਸ ਦੀ ਲਪੇਟ ਵਿਚ ਆਈ ਹੈ। ਖੇਤੀਬਾੜੀ ਵਿਭਾਗ ਮੁਤਾਬਕ ਪੰਜਾਬ ਦੇ ਕਿਸੇ ਜ਼ਿਲ੍ਹੇ ਵਿਚ ਉਕਤ ਵਾਇਰਸ ਨੇ ਇੰਨਾ ਕਹਿਰ ਨਹੀਂ ਢਾਹਿਆ ਹੈ। ਹਾਲਾਂਕਿ ਪਠਾਨਕੋਟ ਦੇ ਬਾਅਦ ਮੋਹਾਲੀ ਵਿਚ ਵੀ ਇਸ ਵਾਇਰਸ ਨਾਲ ਕਾਫੀ ਫਸਲ ਦਾ ਨੁਕਸਾਨ ਹੋਇਆ ਹੈ। ਹਲਕਾ ਭੋਆ ਵਿਚ ਕਿਸਾਨਾਂ ਨੇ ਹਜ਼ਾਰਾਂ ਏਕੜ ਫਸਲ ਟਰੈਟਰ ਚਲਾ ਕੇ ਨਸ਼ਟ ਕਰ ਦਿੱਤੀ ਸੀ। ਕਿਸਾਨਾਂ ਨੇ ਵਾਇਰਸ ਨਾਲ ਬਰਬਾਦ ਹੋਈ ਫਸਲ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਜ਼ਿਲ੍ਹਾ ਖੇਤੀਬਾੜੀ ਵਿਭਾਗ ਨੇ ਇਸ ਦੀ ਰਿਪੋਰਟ ਬਣਾ ਕੇ ਡੀਸੀ ਤੇ ਖੇਤੀ ਵਿਭਾਗ ਦੇ ਡਾਇਰੈਕਟਰ ਨੂੰ ਸੌਂਪ ਦਿੱਤੀ ਹੈ।
ਖੇਤੀ ਮਾਹਿਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪਠਾਨਕੋਟ ਵਿਚ ਕੁੱਲ 28,500 ਹਜ਼ਾਰ ਏਕੜ ਵਿਚ ਝੋਨੇ ਦੀ ਪੈਦਾਵਾਰ ਕੀਤੀ ਜਾਂਦੀ ਹੈ। ਇਸ ਵਿਚੋਂ 2 ਹਜ਼ਾਰ ਏਕੜ ਵਿਚ ਬਾਸਮਤੀ ਤੇ ਬਾਕੀ ਵਿਚ ਲੰਬੇ ਸਮੇਂ ਵਿਚ ਤਿਆਰ ਹੋਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਪੈਦਾਵਾਰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਝੋਨੇ ਦੀ ਪੀਆਰ-121 ‘ਤੇ ਇਸ ਦਾ ਸਭ ਤੋਂ ਵਧ ਅਸਰ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਪੀਆਰ-127, 128, 130, 131 ਵੀ ਇਸ ਦੀ ਲਪੇਟ ਵਿਚ ਹਨ। ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਖੇਤਾਂ ਵਿਚ 90 ਫੀਸਦੀ ਤੱਕ ਫਸਲ ਇਸ ਵਾਇਰਸ ਦੀ ਲਪੇਟ ਵਿਚ ਆਈ ਹੈ।
ਇਹ ਵੀ ਪੜ੍ਹੋ : ਅਕਤੂਬਰ ਤੋਂ ਹੁਣ ਹਫਤੇ ‘ਚ 2 ਵਾਰ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀ ਫਲਾਈਟ ਭਰੇਗੀ ਉਡਾਣ
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਇਹ ਵਾਇਰਸ ਇਕ ਤੋਂ ਦੂਜੇ ਪੌਦਿਆਂ ਵਿਚ ਫੈਲਦਾ ਹੈ ਜਿਸ ਦੀ ਵਜ੍ਹਾ ‘ਵ੍ਹਾਈਟ ਬੈਕਸ ਪਲਾਂਟ ਹਾਪਰ’ ਨਾਂ ਦਾ ਕੀੜਾ ਹੈ ਜੋ ਕਿ ਇਕ ਤੋਂ ਦੂਜੇ ਪੌਦੇ ‘ਤੇ ਪਹੁੰਚ ਕੇ ਉਸ ਨੂੰ ਵੀ ਸੰਕਰਮਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਖੇਤੀ ਮਾਹਿਰਾਂ ਤੇ ਪੀਏਯੂ ਨੇ ਪੌਦਿਆਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਕੁਝ ਦਵਾਈਆਂ ਦੀ ਸਿਫਾਰਸ਼ ਕੀਤੀ ਸੀ ਪਰ ਦੇਖਿਆ ਗਿਆ ਕਿ ਜੇਕਰ ਕਿਸੇ ਖੇਤ ਵਿਚ 10 ਤੋਂ 15 ਫੀਸਦੀ ਤੋਂ ਵਧ ਫਸਲ ਇਸ ਦੀ ਲਪੇਟ ਵਿਚ ਆਈ ਹੈ ਤਾਂ ਉਕਤ ਦਵਾਈਆਂ ਦਾ ਅਸਰ ਨਹੀਂ ਹੋਇਆ। ਕਿਸਾਨਾਂ ਕੋਲ ਬਦਲ ਦੀ ਕਮੀ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਤੋਂ ਪ੍ਰਭਾਵਿਤ ਹੋਈ ਫਸਲ ਦੀ ਰਿਪੋਰਟ ਬਣਾ ਕੇ ਖੇਤੀ ਡਾਇਰੈਕਟਰ ਤੇ ਡੀਸੀ ਪਠਾਨਕੋਟ ਨੂੰ ਸੌਂਪ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: