ਲੁਧਿਆਣਾ ਵਿਚ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ 9 ਪਾਰਕਿੰਗ ਸਾਈਟ ਦੀ ਈ-ਨੀਲਾਮੀ ਜ਼ਰੀਏ ਬੋਲੀ ਹੋ ਰਹੀ ਹੈ। ਬੇਸ਼ੱਕ ਈ-ਨੀਲਾਮੀ ਜ਼ਰੀਏ ਬੋਲੀ ਹੋ ਰਹੀ ਹੈ ਪਰ ਇਸ ਬੋਲੀ ਵਿਚ ਨਿਗਮ ਦੀ ਆਮਦਨ ਨੂੰ ਚੂਨਾ ਲੱਗਣ ਜਾ ਰਿਹਾ ਹੈ। 6 ਸਾਈਟਾਂ ਪੁਰਾਣੀਆਂ ਹਨ ਜਦੋਂ ਕਿ 3 ਹੋਰ ਨਵੀਆਂ ਸਾਈਟਸ ਜੋੜੀਆਂ ਗਈਆਂ ਹਨ।
ਆਮ ਜਨਤਾ ਦੀ ਜੇਬ ‘ਤੇ ਡਾਕਾ ਪੈਣ ਦੀ ਵੀ ਤਿਆਰੀ ਹੋ ਚੁੱਕੀ ਹੈ। ਪਾਰਕਿੰਗਾਂ ਦੇ ਟੈਂਡਰ ਪਾਸ ਹੋਣ ਦੇ ਬਾਅਦ ਜਨਤਾ ‘ਤੇ 200 ਤੋਂ 300 ਫੀਸਦੀ ਬੋਝ ਪਵੇਗਾ। ਨਿਗਮ ਦੇ ਖਜ਼ਾਨੇ ਵਿਚ ਸਿਰਫ 10 ਤੋਂ 20 ਫੀਸਦੀ ਦਾ ਵਾਧਾ ਹੋਵੇਗਾ।
ਈ-ਨੀਲਾਮੀ ਵਿਚ ਨਗਰ ਨਿਗਮ ਦੇ ਅਫਸਰਾਂ ਵੱਲੋਂ ਕਰੋੜਾਂ ਦਾ ਘਪਲਾ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ ਜਿਸ ਨਾਲ ਨਗਰ ਨਿਗਮ ਦੇ ਖਜ਼ਾਨੇ ਨੂੰ ਚੂਨਾ ਲੱਗੇਗਾ ਤੇ ਰਾਜਨੇਤਾਵਾਂ ਦੇ ਚਹੇਤੇ ਠੇਕੇਦਾਰਾਂ ਦੀ ਮੌਜ ਲੱਗਣ ਜਾ ਰਹੀ ਹੈ।
ਜੇਕਰ ਸੀ.ਐਮ ਮਾਨ ਨੇ ਸਮੇਂ ਸਿਰ ਇਸ ਈ-ਨਿਲਾਮੀ ਦੀ ਉੱਚ ਪੱਧਰੀ ਜਾਂਚ ਨਾ ਕਰਵਾਈ ਤਾਂ ਆਉਣ ਵਾਲੇ ਸਮੇਂ ‘ਚ ਜਿੱਥੇ ‘ਆਪ’ ਦੇ ਕਈ ਆਗੂਆਂ ਸਮੇਤ ਕਈ ਵਿਧਾਇਕ ਵੀ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਸਕਦੇ ਹਨ ਅਤੇ ਸਰਕਾਰ ਨੂੰ ਘੇਰਾ ਪੈ ਸਕਦਾ ਹੈ। ਇਸ ਟੈਂਡਰ ਪ੍ਰਕਿਰਿਆ ਦੀ ਰੂਪ-ਰੇਖਾ ਤਿਆਰ ਕਰਨ ਵਾਲੇ ਨਗਰ ਨਿਗਮ ਦੇ ਅਧਿਕਾਰੀਆਂ ‘ਤੇ ਉਂਗਲ ਉਠਦੀ ਦਿਖਾਈ ਦੇ ਰਹੀ ਹੈ।
ਨਗਰ ਨਿਗਮ ਵੱਲੋਂ 6 ਸਾਈਟਾਂ ਦੀ ਪਾਰਕਿੰਗ ਦਾ ਠੇਕਾ ਸਾਲਾਨਾ ਲਗਭਗ 3 ਕਰੋੜ ਦੇ ਆਸ-ਪਾਸ ਕੁਝ ਕਾਂਟ੍ਰੈਕਟਰ ਨੂੰ ਦਿੱਤਾ ਗਿਆ ਸੀ। ਇਸ ਲਈ ਕਾਂਟ੍ਰੈਕਟਰ ਵੱਲੋਂ 10 ਸਕੂਟਰ ਰੁਪਏ ਅਤੇ 20 ਰੁਪਏ ਕਾਰ ਦੇ ਚਾਰਜ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਇਨ੍ਹਾਂ ਸਾਈਟਾਂ ‘ਤੇ ਪ੍ਰਤੀ ਮਹੀਨਾ ਪਾਸ ਵੀ ਜਾਰੀ ਕੀਤੇ ਜਾਂਦੇ ਸਨ ਜਿਨ੍ਹਾਂ ਲਈ ਕਾਂਟ੍ਰੈਕਟਰ 250 ਰੁਪਏ ਸਕੂਟਰ ਤੇ 500 ਕਾਰ ਰੁਪਏ ਪ੍ਰਤੀ ਮਹੀਨੇ ਦਾ ਪਾਸ ਜਾਰੀ ਕਰਦੇ ਸਨ ਪਰ ਨਗਰ ਨਿਗਮ ਵੱਲੋਂ ਆਮਦਨ ਵਿਚ ਵਾਧਾ ਕਰਨ ਦੇ ਨਾਂ ‘ਤੇ ਲੋਕਾਂ ‘ਤੇ ਇਹ ਪਾਰਕਿੰਗ ਚਾਰਜਿਸ ਵਧਾ ਦਿੱਤੇ ਹਨ।
ਹੁਣ ਨਵੀਆਂ ਤੈਅ ਸ਼ਰਤਾਂ ਵਿੱਚ ਸਕੂਟਰ ਲਈ 10 ਰੁਪਏ ਅਤੇ ਕਾਰ ਲਈ 20 ਰੁਪਏ ਸਿਰਫ਼ ਪਹਿਲੇ 2 ਘੰਟਿਆਂ ਲਈ ਹੋਣਗੇ ਅਤੇ ਇਸ ਤੋਂ ਬਾਅਦ ਲੋਕਾਂ ਨੂੰ 5 ਰੁਪਏ ਅਤੇ 10 ਰੁਪਏ ਪ੍ਰਤੀ ਘੰਟਾ ਵਾਧੂ ਦੇਣੇ ਪੈਣਗੇ। ਯਾਨੀ ਕਿ 8 ਘੰਟੇ ਲਈ ਜਨਤਾ ਨੂੰ ਸਕੂਟਰ ਲਈ 30 ਰੁਪਏ ਅਤੇ ਕਾਰ ਲਈ 60 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਪ੍ਰਤੀ ਮਹੀਨਾ ਪਾਸ ਵੀ 250 ਰੁਪਏ ਤੋਂ ਵਧਾ ਕੇ 700 ਰੁਪਏ ਅਤੇ 500 ਰੁਪਏ ਤੋਂ ਵਧਾ ਕੇ 1400 ਰੁਪਏ ਕਰ ਦਿੱਤਾ ਗਿਆ ਹੈ।
ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਠੇਕੇਦਾਰਾਂ ਦੀ ਮੌਜ ਲੱਗਣ ਵਾਲੀ ਹੈ ਅਤੇ ਇਸ ਦਾ ਬੋਝ ਜਨਤਾ ਦੀਆਂ ਜੇਬਾਂ ‘ਤੇ ਪੈਣ ਵਾਲਾ ਹੈ। ਦੱਸ ਦਈਏ ਕਿ ਚੰਡੀਗੜ੍ਹ ਵਿੱਚ ਦੋ ਦਹਾਕੇ ਪਹਿਲਾਂ ਪਾਰਕਿੰਗ ਸਾਈਟਾਂ ਨਿੱਜੀ ਹੱਥਾਂ ਵਿੱਚ ਦਿੱਤੀਆਂ ਜਾਂਦੀਆਂ ਹਨ ਪਰ ਉੱਥੇ ਪਾਰਕਿੰਗ ਦੇ ਰੇਟ ਤੈਅ ਹੁੰਦੇ ਹਨ ਅਤੇ ਪਾਰਕਿੰਗ ਦਾ ਖਰਚਾ ਆਮ ਲੋਕਾਂ ਨੂੰ ਦੇਣਾ ਪੈਂਦਾ ਹੈ। ਜੇਕਰ ਚੰਡੀਗੜ੍ਹ ਦੀ ਤਰਜ਼ ‘ਤੇ ਮਹਾਂਨਗਰ ‘ਚ ਪਾਰਕਿੰਗ ਦੇ ਰੇਟ ਤੈਅ ਕੀਤੇ ਜਾਣ ਤਾਂ ਜਨਤਾ ‘ਤੇ ਕੋਈ ਵਾਧੂ ਬੋਝ ਨਹੀਂ ਪਵੇਗਾ।
ਠੇਕਾ ਲੈਣ ਵਾਲੇ ਠੇਕੇਦਾਰ ਦੀ ਆਮਦਨ ਪਹਿਲਾਂ ਹੀ 200 ਤੋਂ 300 ਫੀਸਦੀ ਵਧ ਜਾਵੇਗੀ ਪਰ ਨਿਗਮ ਨੇ ਪੁਰਾਣੇ ਟੈਂਡਰ ਤਹਿਤ ਸਭ ਤੋਂ ਵੱਧ ਬੋਲੀ ਦੇ ਹਿਸਾਬ ਨਾਲ ਆਪਣਾ ਰਾਖਵਾਂ ਰੇਟ ਰੱਖਿਆ ਹੈ। ਇਸ ਟੈਂਡਰ ਕਾਰਨ ਨਗਰ ਨਿਗਮ ਵੱਲੋਂ 12 ਸਤੰਬਰ ਨੂੰ ਮਿਆਦ ਅਤੇ ਸ਼ਰਤ ਤੈਅ ਕੀਤੀ ਗਈ ਸੀ। ਅਕਤੂਬਰ ਦੇ ਦੂਜੇ ਹਫ਼ਤੇ ਨਿਗਮ ਵੱਲੋਂ ਇਸ ਨਿਲਾਮੀ ਵਿੱਚ ਹਿੱਸਾ ਲੈਣ ਵਾਲੇ ਠੇਕੇਦਾਰਾਂ ਨੂੰ ਟੈਂਡਰ ਦੀ ਮਿਆਦ ਅਤੇ ਸ਼ਰਤਾਂ ਜਾਰੀ ਕਰਕੇ ਟੈਂਡਰ ਫਾਰਮ ਜਾਰੀ ਕੀਤੇ ਗਏ ਸਨ ਅਤੇ ਠੇਕੇਦਾਰਾਂ ਵੱਲੋਂ ਉਨ੍ਹਾਂ ਦੇ ਟੈਂਡਰ ਫਾਰਮ ਨਗਰ ਨਿਗਮ ਨੂੰ ਜਮ੍ਹਾਂ ਕਰਵਾਏ ਗਏ ਸਨ।
ਨਗਰ ਨਿਗਮ ਵੱਲੋਂ 15 ਅਕਤੂਬਰ ਨੂੰ ਇੱਕ ਸ਼ੁਧਤਾ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਗਿਆ ਸੀ ਕਿ ਇਸ ਟੈਂਡਰ ਵਿੱਚ ਸਿਰਫ਼ ਉਹੀ ਕੰਪਨੀਆਂ ਹਿੱਸਾ ਲੈ ਸਕਦੀਆਂ ਹਨ ਜਿਨ੍ਹਾਂ ਕੋਲ ਪਾਰਕਿੰਗ ਦਾ 1 ਸਾਲ ਦਾ ਤਜਰਬਾ ਹੈ। ਇਸ ਸ਼ਰਤ ਤੋਂ ਬਾਅਦ ਕਈ ਨਵੇਂ ਠੇਕੇਦਾਰ ਟੈਂਡਰ ਪ੍ਰਕਿਰਿਆ ਤੋਂ ਬਾਹਰ ਹੋ ਗਏ। ਇਸ ਸ਼ਰਤ ਨੂੰ ਲੈ ਕੇ ਇਕ ਕੰਪਨੀ ਨਿਗਮ ਖਿਲਾਫ ਅਦਾਲਤ ਵੀ ਗਈ ਹੈ। ਅਦਾਲਤ ਵੱਲੋਂ ਨਿਗਮ ਅਧਿਕਾਰੀਆਂ ਨੂੰ ਨੋਟਿਸ ਵੀ ਭੇਜਿਆ ਗਿਆ ਹੈ।
ਨਵੇਂ ਠੇਕੇਦਾਰ ਟੈਂਡਰ ਪ੍ਰਕਿਰਿਆ ਤੋਂ ਬਾਹਰ ਹੋਣ ਕਰਕੇ ਜੇਕਰ ਨਗਰ ਨਿਗਮ ਦੇ ਅਧਿਕਾਰੀ ਬਿਨਾਂ ਮੁਕਾਬਲੇ ਤੋਂ ਆਪਣੇ ਚਹੇਤੇ ਠੇਕੇਦਾਰਾਂ ਨੂੰ ਇਹ ਟੈਂਡਰ ਦੇ ਦਿੰਦੇ ਹਨ ਤਾਂ ਬੋਲੀ ਵਿੱਚ ਰਾਖਵੇਂ ਰੇਟ ਤੋਂ ਸਿਰਫ਼ 10 ਤੋਂ 20 ਫ਼ੀਸਦੀ ਦਾ ਉਛਾਲ ਹੋਵੇਗਾ। ਇਸ ਦਾ ਮਤਲਬ ਹੈ ਕਿ ਨਗਰ ਨਿਗਮ ਦੀਆਂ ਨਵੀਆਂ ਸ਼ਰਤਾਂ ਮੁਤਾਬਕ ਠੇਕੇਦਾਰ ਦੀ ਸਾਲਾਨਾ ਵਸੂਲੀ 7 ਤੋਂ 9 ਕਰੋੜ ਤੱਕ ਪਹੁੰਚ ਸਕਦੀ ਹੈ ਪਰ ਮੁਕਾਬਲੇਬਾਜ਼ੀ ਤੋਂ ਬਿਨਾਂ ਨਿਗਮ ਦਾ ਖ਼ਜ਼ਾਨਾ ਸਿਰਫ਼ 3.5 ਕਰੋੜ ਤੱਕ ਹੀ ਸੀਮਤ ਰਹਿ ਜਾਵੇਗਾ।
ਇਸ ਦਾ ਸਿੱਧਾ ਫਾਇਦਾ ਨਗਰ ਨਿਗਮ ਦੀ ਬਜਾਏ ਚਹੇਤੇ ਠੇਕੇਦਾਰਾਂ ਨੂੰ ਹੋਵੇਗਾ। ਵਾਇਰਲ ਹੋਈ ਲਿਸਟ ਮੁਤਾਬਕ 6 ਸਾਈਟਾਂ ਦੇ ਰੇਟ ਸਾਹਮਣੇ ਆਏ ਹਨ, ਜਿਨ੍ਹਾਂ ਦੀਆਂ ਬੋਲੀਆਂ ‘ਚ ਕੋਈ ਖਾਸ ਉਛਾਲ ਨਹੀਂ ਆਇਆ। ਇਸ ਵਾਇਰਲ ਲਿਸਟ ਵਿੱਚ 6 ਵਿੱਚੋਂ 4 ਸਾਈਟਾਂ ਦਾ ਠੇਕਾ ਇੱਕੋ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਜੋ ਆਉਣ ਵਾਲੇ ਸਮੇਂ ਵਿੱਚ ਸਿਆਸਤਦਾਨਾਂ ਅਤੇ ਨਿਗਮ ਅਧਿਕਾਰੀਆਂ ਦੇ ਗਲੇ ਦਾ ਫੰਦਾ ਬਣ ਸਕਦਾ ਹੈ। ਬਾਕੀ ਦੱਸਿਆ ਜਾ ਰਿਹਾ ਹੈ ਕਿ ਅੱਜ ਨਿਗਮ ਕਮਿਸ਼ਨਰ ਇਹ ਖੁਲਾਸਾ ਕਰ ਸਕਦੇ ਹਨ ਕਿ ਕਿਹੜੀ ਕੰਪਨੀ ਕਿਹੜੀਆਂ ਸਾਈਟਾਂ ਦਾ ਠੇਕਾ ਲੈਣ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਸ਼ਹਿਰ ਦੀਆਂ 9 ਪਾਰਕਿੰਗ ਸਾਈਟਾਂ ਦੀ ਨਿਲਾਮੀ ਲਈ 20 ਅਕਤੂਬਰ ਦਾ ਦਿਨ ਤੈਅ ਕੀਤਾ ਸੀ। ਇਨ੍ਹਾਂ ਵਿੱਚ ਫਿਰੋਜ਼ ਗਾਂਧੀ ਮਾਰਕੀਟ, ਮਲਟੀ ਸਟੋਰੀ ਪਾਰਕਿੰਗ, ਸਰਾਭਾ ਨਗਰ ਮਾਰਕੀਟ, ਭਦੌੜ ਹਾਊਸ, ਟਿਊਸ਼ਨ ਮਾਰਕੀਟ ਅਤੇ ਬੀਆਰਐਸ ਨਗਰ ਮਾਰਕੀਟ ਸ਼ਾਮਲ ਹਨ। ਇਸ ਵਾਰ ਨਿਗਮ ਨੇ ਤਿੰਨ ਨਵੇਂ ਪਾਰਕਿੰਗ ਲਾਟ ਸ਼ਾਮਲ ਕੀਤੇ ਹਨ।
ਇਹ ਗਿੱਲ ਫਲਾਈਓਵਰ ਦੇ ਹੇਠਾਂ ਜਗਰਾਉਂ ਪੁਲ ਤੋਂ ਢੋਲੇਵਾਲ ਰੋਡ ਤੱਕ ਅਤੇ ਢੋਲੇ ਵਾਲਾ ਚੌਕ ਤੋਂ ਸ਼ੇਰਪੁਰ ਤੱਕ ਸੜਕ ਦੇ ਕਿਨਾਰੇ ਨੂੰ ਕਵਰ ਕਰਦਾ ਹੈ। ਇਸ ਵਾਰ ਨਿਗਮ ਨੇ ਪਾਰਕਿੰਗ ਫੀਸ ਵਸੂਲਣ ਲਈ ਨਵੇਂ ਨਿਯਮ ਬਣਾਏ ਹਨ। ਜਿਸ ਵਿੱਚ ਡਰਾਈਵਰਾਂ ਨੂੰ ਪਹਿਲੇ ਦੋ ਘੰਟੇ ਵਾਹਨ ਪਾਰਕ ਕਰਨ ਲਈ ਇੱਕ ਨਿਸ਼ਚਿਤ ਰਕਮ ਅਦਾ ਕਰਨੀ ਪਵੇਗੀ। ਇਸ ਤੋਂ ਬਾਅਦ ਹਰ ਘੰਟੇ ਵਾਧੂ ਪੈਸੇ ਦੇਣੇ ਪੈਣਗੇ।
ਵੀਡੀਓ ਲਈ ਕਲਿੱਕ ਕਰੋ -: