ਜ਼ਮੀਨ ਦੀ ਵੰਡ ਪਿੱਛੇ ਇੱਕ ਵਾਰ ਫਿਰ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ। ਤਰਨਤਾਰਨ ‘ਚ ਜ਼ਮੀਨੀ ਝਗੜੇ ਕਰਕੇ ਇੱਕ ਦੀ ਜਾਨ ਚਲੀ ਗਈ। ਗੋਲੀਆਂ ਚਲਾਉਣ ਵਾਲਾ ਕੋਈ ਹੋਰ ਨਹੀਂ, ਸਗੋਂ ਮ੍ਰਿਤਕ ਦਾ ਸਕਾ ਭਤੀਜਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਦੂਜੇ ਪਾਸੇ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।
ਘਟਨਾ ਤਰਨਤਾਰਨ ਅਧੀਨ ਪੈਂਦੇ ਭਿੱਖੀਵਿੰਡ ਦੇ ਸਰਹੱਦੀ ਪਿੰਡ ਡੱਲ ਦੀ ਹੈ। ਮੰਗਲਵਾਰ ਸਵੇਰੇ ਪਿੰਡ ਦੇ ਨਛੱਤਰ ਸਿੰਘ ਦੀ ਆਪਣੇ ਹੀ ਚਾਚੇ ਨਾਲ ਤਕਰਾਰ ਹੋ ਗਈ। ਦੋਵਾਂ ਪਰਿਵਾਰਾਂ ਵਿੱਚ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਗੁੱਸੇ ‘ਚ ਆ ਕੇ ਨਛੱਤਰ ਸਿੰਘ ਨੇ ਆਪਣੇ ਚਾਚੇ ਜਸਬੀਰ ਸਿੰਘ ਉਰਫ਼ ਫ਼ੌਜੀ ‘ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਜਸਬੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਦੂਜੀ ਗੋਲੀ ਮ੍ਰਿਤਕ ਦੇ ਲੜਕੇ ਦਲੇਰ ਸਿੰਘ ਦੇ ਪੇਟ ਵਿੱਚ ਲੱਗੀ ਅਤੇ ਉਹ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਪਿਆ।
ਇਹ ਵੀ ਪੜ੍ਹੋ : ਕਮਰਸ਼ੀਅਲ ਸਿਲੰਡਰ 115 ਰੁ. ਸਸਤਾ, ਹਵਾਈ ਸਫਰ ਮਹਿੰਗਾ, ਅੱਜ ਤੋਂ ਹੋਏ 3 ਵੱਡੇ ਬਦਲਾਅ
ਜਸਬੀਰ ਅਤੇ ਉਸ ਦੇ ਪੁੱਤਰ ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਜਸਬੀਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦਲੇਰ ਦੇ ਪੇਟ ‘ਚ ਗੋਲੀ ਲੱਗਣ ਨਾਲ ਉਹ ਗੰਭੀਰ ਰੂਪ ‘ਚ ਜ਼ਖਮੀ ਹੈ ਅਤੇ ਤਰਨਤਾਰਨ ਦੇ ਹੀ ਇਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਹੈ।
ਥਾਣਾ ਭਿੱਖੀਵਿੰਡ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਨਛੱਤਰ ਸਿੰਘ ਨੂੰ ਫੜਨ ਲਈ ਟੀਮ ਭੇਜੀ ਗਈ। ਪਰ ਫਿਲਹਾਲ ਨਛੱਤਰ ਸਿੰਘ ਫਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਨਛੱਤਰ ਸਿੰਘ ਨੂੰ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: