ਸੀ.ਐੱਮ. ਭਗਵੰਤ ਮਾਨ ਨੇ ਪੰਜਾਬ ਦੇ 23 ਕਿਸਾਨ ਜਥੇਬੰਦੀਆਂ ਨਾਲ ਪਹਿਲੀ ਮੀਟਿੰਗ ਵਿੱਚ ਵੱਡੇ ਫੈਸਲੇ ਲਏ ਗਏ ਹਨ, ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ (MSP) ਤੋਂ ਇਲਾਵਾ ਕਣਕ ਦੇ ਨੁਕਸਾਨ ਦੇ ਬਦਲੇ ਬੋਨਸ ਦੇਣ ਦਾ ਭਰੋਸਾ ਵੀ ਦਿੱਤਾ ਗਿਆ।
ਮੀਟਿੰਗ ਮਗਰੋਂ ਕਿਸਾਨ ਨੇਤਾ ਹਰਿੰਦਰ ਲੱਖੋਵਾਲ ਨੇ ਕਿਹਾ ਕਿ ਚੰਗੇ ਮਾਹੌਲ ਵਿੱਚ ਮੀਟਿੰਗ ਹੋਈ ਹੈ। ਸੀ.ਐੱਮ. ਮਾਨ ਨੇ ਪਾਣੀ ਬਚਾਉਣ ਦੀ ਗੱਲ ਕਹੀ ਹੈ, ਸਾਨੂੰ ਮੂੰਗੀ, ਮੱਕੀ ਤੇ ਬਾਸਮਤੀ ‘ਤੇ ਐੱਮ.ਐੱਸ.ਪੀ. ਦੇਣ ਬਾਰੇ ਵੀ ਕਿਹਾ ਗਿਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਸਾਡੇ ਮੰਗ ਪੱਤਰ ਵਿੱਚ ਕਿਸਾਨਾਂ ਨੂੰ ਬੋਨਸ ਐਲਾਨਣ ਦੀ ਮੁੱਖ ਮੰਗ ਕੀਤੀ ਗਈ ਸੀ, ਜਿਸ ‘ਤੇ ਸੀ.ਐੱਮ. ਮਾਨ ਨੇ ਭਰੋਸਾ ਦਿਵਾਇਆ ਕਿ ਉਹ ਬੋਨਸ ਜ਼ਰੂਰ ਦੇਣਗੇ, ਪਰ ਕਿੰਨਾ ਬੋਨਸ ਦੇਣਗੇ, ਇਸ ‘ਤੇ ਉਹ ਪਹਿਲਾਂ ਆਪਣੇ ਅਧਿਕਾਰੀਆਂ ਨਾਲ ਬੈਠ ਕੇ ਵਿਚਾਰ ਕਰਨਗੇ।
ਉਨ੍ਹਾਂ ਕਿਹਾ ਕਿ ਅਸੀਂ ਕਣਕ ਦਾ ਝਾੜ ਘਟਨ ਦੇ ਮੁੱਦੇ ‘ਤੇ ਮੰਗ ਕੀਤੀ ਹੈ ਕਿ 500 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਬੋਨਸ ਦਿੱਤਾ ਜਾਵੇ, ਇਸ ‘ਤੇ ਉਨ੍ਹਾਂ ਕਿਹਾ ਕਿ ਮੈਨੂੰ ਪਤਾ ਕਰ ਲੈਣ ਦਿਓ ਕਿ ਪੰਜਾਬ ਵਿੱਚ ਕਿੰਨਾ ਨੁਕਸਾਨ ਹੋਇਆ ਹੈ, ਤੁਹਾਨੂੰ ਉਸ ਤੋਂ ਦੋ ਪੈਸੇ ਵੱਧ ਹੀ ਬੋਨਸ ਦੇਵਾਂਗੇ, ਘੱਟ ਨਹੀਂ।
ਲੱਖੋਵਾਲ ਨੇ ਕਿਹਾ ਕਿ ਗੰਨੇ ਦੀ ਪੇਮੈਂਟ ਜੁਲਾਈ ਤੱਕ ਪੂਰੀ ਹੋਣ ਦਾ ਭਰੋਸਾ ਦਿੱਤਾ ਗਿਆ ਹੈ। ਅੱਗੋਂ ਨਰਮੇ ਦੀ ਬਿਜਾਈ ਲਈ ਬਿਜਲੀ ਚਾਹੀਦੀ ਹੈ ਤੇ ਅਗਲੀ ਮੀਟਿੰਗ ਬਿਜਲੀ ਮੰਤਰੀ ਨਾਲ ਅਰੇਂਜ ਕਰਨ ਦੀ ਗੱਲ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਸੀ.ਐੱਮ. ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਮੂੰਗੀ, ਮੱਕੀ ‘ਤੇ ਵੀ ਐੱਮ.ਐੱਸ.ਪੀ. ਦੇਵਾਂਗੇ, ਬਾਸਮਤੀ ਦੀ ਕਾਸ਼ਤ ਕਰਨ ਵਾਲਿਆਂ ਨੂੰ ਵੀ ਐੱਮ.ਐੱਸ.ਪੀ. ਦਿੱਤੀ ਜਾਵੇਗੀ, ਜੋਕਿ ਸਰਕਾਰ ਵੱਲੋਂ ਤੈਅ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਨ੍ਹਾਂ ਕਿਹਾ ਕਿ ਅਗਲੀਆਂ ਮੀਟਿਗਾਂ ਵਿੱਚ ਸਭ ਕੁਝ ਤੈਅ ਹੋਵੇਗਾ। ਅਸੀਂ ਮੁੱਖ ਮੰਤਰੀ ਅੱਗੇ 25-26 ਮੰਗਾਂ ਰਖੀਆਂ ਹਨ, ਉਨ੍ਹਾਂ ਕਿਹਾ ਹੈ ਕਿ ਇੱਕ ਹਫਤੇ ਦੇ ਅੰਦਰ ਕਿਸਾਨਾਂ ਦੀ ਮੁੜ ਸੀ.ਐੱਮ. ਮਾਨ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਬਾਕੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਵੇਗਾ।