ਬਠਿੰਡਾ ਦੇ ਪਿੰਡ ਦੀਪ ਬੁੱਟਰ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ 22 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦੇਣ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨੌਜਵਾਨ ਦੀ ਪਤਨੀ ਘਰੋਂ ਗਾਇਬ ਹੈ, ਜਿਸ ‘ਤੇ ਪੁਲਿਸ ਨੇ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਕਤਲ ਮ੍ਰਿਤਕ ਦੀ ਪ੍ਰਵਾਸੀ ਪਤਨੀ ਵੱਲੋਂ ਹੀ ਕੀਤਾ ਗਿਆ ਹੈ।
ਥਾਣਾ ਸੰਗਤ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ 22 ਸਾਲਾਂ ਸੰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਦੀਪੀ ਬੁੱਟਰ ਵਜੋਂ ਹੋਈ ਹੈ।
ਪਿੰਡ ਦੀ ਮਹਿਲਾ ਸਰਪੰਚ ਪਰਮਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜਦੋਂ ਸੰਦੀਪ ਸਿੰਘ ਦੇ ਪਿਤਾ ਜਗਦੇਵ ਸਿੰਘ ਜਾਗੇ ਤਾਂ ਉਨ੍ਹਾਂ ਨੇ ਆਪਣੇ ਲੜਕੇ ਸੰਦੀਪ ਸਿੰਘ ਨੂੰ ਮ੍ਰਿਤਕ ਪਾਇਆ। ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢਿਆ ਗਿਆ ਸੀ। ਇਸ ਦੀ ਸੂਚਨਾ ਪਿੰਡ ਦੀ ਪੰਚਾਇਤ ਅਤੇ ਸਬੰਧਤ ਥਾਣੇ ਨੂੰ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਇੱਕ ਐੱਨ.ਆਰ.ਆਈ. ਔਰਤ ਇੱਕ ਸਾਲ ਤੋਂ ਸੰਦੀਪ ਸਿੰਘ ਨਾਲ ਪਤਨੀ ਬਣ ਕੇ ਰਹਿ ਰਹੀ ਸੀ। ਘਟਨਾ ਵਾਲੀ ਰਾਤ ਸੰਦੀਪ ਸਿੰਘ ਦੀ ਮਾਤਾ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਈ ਹੋਈ ਸੀ ਅਤੇ ਘਰ ਵਿੱਚ ਸੰਦੀਪ, ਉਸ ਦਾ ਪਿਤਾ ਜਗਦੇਵ ਸਿੰਘ ਅਤੇ ਪ੍ਰਵਾਸੀ ਪਤਨੀ ਹੀ ਸਨ। ਉਸ ਦੀ ਪਤਨੀ ਸ਼ਨੀਵਾਰ ਸਵੇਰ ਤੋਂ ਲਾਪਤਾ ਸੀ।
ਮਹਿਲਾ ਸਰਪੰਚ ਦੇ ਪਤੀ ਮੁਤਾਬਕ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਦਾ ਤਿੰਨ-ਚਾਰ ਮਹੀਨਿਆਂ ਤੋਂ ਆਪਸ ਵਿੱਚ ਤਕਰਾਰ ਚੱਲ ਰਹੀ ਸੀ। ਉਸ ਨੇ ਆਪਣੇ ਪਤੀ ਸੰਦੀਪ ਸਿੰਘ ਖ਼ਿਲਾਫ਼ ਬਠਿੰਡਾ ਦੇ ਮਹਿਲਾ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਹ ਆਪਣੇ ਪੇਕੇ ਘਰ ਜਾਣ ਲਈ ਸੰਦੀਪ ਸਿੰਘ ਤੋਂ ਦੋ ਲੱਖ ਰੁਪਏ ਦੀ ਮੰਗ ਰਹੀ ਸੀ, ਜਦਕਿ ਸੰਦੀਪ ਸਿੰਘ ਕੋਲ ਦੋ ਲੱਖ ਰੁਪਏ ਨਹੀਂ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਦਾ ਕਤਲ ਉਸ ਦੀ ਪਤਨੀ ਨੇ ਸ਼ੁੱਕਰਵਾਰ ਰਾਤ ਨੂੰ ਕੀਤਾ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ‘ਚ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ, ਗੋਲਡੀ ਬਰਾੜ ਨੂੰ ਦਿੱਤੇ ਸਨ 2 ਸ਼ਾਰਪ ਸ਼ੂਟਰ
ਸੰਦੀਪ ਸਿੰਘ ਪਿੰਡ ਦੀਪ ਬੁੱਟਰ ਸਥਿਤ ਇੰਟਰਲਾਕਿੰਗ ਟਾਈਲਾਂ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ। ਥਾਣਾ ਸਦਰ ਦੇ ਇੰਚਾਰਜ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮ੍ਰਿਤਕ ਸੰਦੀਪ ਸਿੰਘ ਦੀ ਪਤਨੀ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: