1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਦੀ ਸ਼ੁਰੂਆਤ ਵਿਚ ਹੀ ਸ਼ਰਧਾਲੂਆਂ ਨਾਲ ਧੋਖਾਦੇਹੀ ਕਰਨ ਵਾਲੇ 3 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮਾਮਲੇ ‘ਤੇ ਪੁਲਿਸ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਜੰਮੂ-ਕਸ਼ਮੀਰ ਵਿਚ ਯਾਤਰਾ ਦੀ ਨਕਲੀ ਰਜਿਸਟ੍ਰੇਸ਼ਨ ਸਲਿੱਪ ਬਣਾਉਣ ਤੇ ਵੇਚਣ ਦਾ ਕੰਮ ਕਰ ਰਹੇ ਸਨ।
ਇਨ੍ਹਾਂ ਵਿਚੋਂ ਮੁੱਖ ਦੋਸ਼ੀ ਦਿੱਲੀ ਦਾ ਰਹਿਣ ਵਾਲਾ ਹੈ, ਜੋ ਨਕਲੀ ਪਰਮਿਟ ਬਣਾਉਂਦਾ ਸੀ। ਉਸ ਦੇ ਦੋ ਸਹਿਯੋਗੀ ਬੱਸ ਸੇਵਾ ਦਾ ਇੰਤਜ਼ਾਮ ਕਰਨ ਤੇ ਸ਼ਰਧਾਲੂਆਂ ਲਈ ਮੈਡੀਕਲ ਸਰਟੀਫਿਕੇਟ ਤਿਆਰ ਕਰਨ ਦਾ ਕੰਮ ਕਰਦੇ ਸਨ। ਇਨ੍ਹਾਂ ਲੋਕਾਂ ਨੇ ਵੱਡੀ ਗਿਣਤੀ ਵਿਚ ਅਰਮਨਾਥ ਯਾਤਰੀਆਂ ਨਾਲ ਧੋਖਾ ਵੀ ਕੀਤਾ ਸੀ।
ਪੁਲਿਸ ਨੇ ਬੀਤੇ ਸ਼ੁੱਕਰਵਾਰ ਨੂੰ ਹੀ ਜੰਮ, ਸਾਂਭਾ ਤੇ ਕਠੂਆ ਜ਼ਿਲ੍ਹੇ ਵਿਚ ਯਾਤਰੀਆਂ ਕੋਲੋਂ ਲਗਭਗ 400 ਤੋਂ ਜ਼ਿਆਦਾ ਨਕਲੀ ਰਜਿਸਟ੍ਰੇਸ਼ਨ ਪਰਮਿਟ ਬਰਾਮਦ ਕੀਤੇ ਸਨ। ਇਸ ਦੇ ਬਾਅਦ ਪੁਲਿਸ ਨੇ ਤੁਰੰਤ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰਕੇ ਛਾਣਬੀਣ ਸ਼ੁਰੂ ਕੀਤੀ ਸੀ।
ਜੰਮੂ ਦੇ ਐੱਸਐੱਸਪੀ ਚੰਦਨ ਕੋਹਲੀ ਨੇ ਦੱਸਿਆ ਕਿ ਇਸ ਦੇ ਬਾਅਦ ਜੰਮੂ-ਕਸ਼ਮੀਰ ਪੁਲਿਸ ਦੀ ਤੁਰੰਤ ਇਕ ਟੀਮ ਨੇ ਦਿੱਲੀ ਵਿਚ ਛਾਪਾ ਮਾਰਿਆ ਤੇ ਸ਼ਾਹਦਰਾ ਦੇ ਪੱਛਮੀ ਰੋਹਤਾਸ ਨਗਰ ਵਾਸੀ ਹਰਿੰਦਰ ਵਰਮਾ ਨੂੰ ਗ੍ਰਿਫਤਾਰ ਕੀਤਾ। ਛਾਪੇਮਾਰੀ ਦੌਰਾਨ ਕੰਪਿਊਟਰ ਤੇ ਇਕ ਪ੍ਰਿੰਟਰ ਬਰਾਮਦ ਕੀਤਾ ਗਿਆ। ਐੱਸਐੱਸਪੀ ਕੋਹਲੀ ਨੇ ਅਮਰਨਾਥ ਯਾਤਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿਰਫ ਸਰਕਾਰੀ ਦਫਤਰਾਂ ਵਿਚ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਵਾਉਣ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਸ਼੍ਰੀ ਅਮਰਨਾਥ ਯਾਤਰਾ ਦਾ ਪਹਿਲਾ ਦਿਨ ਸੀ। ਲਗਭਗ 16000 ਭਗਤਾਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਇਥੇ ਦੇਸ਼ ਭਰ ਤੋਂ ਸ਼ਰਧਾਲੂ ਬਾਲਟਾਲ ਪਹੁੰਚ ਰਹੇ ਹਨ ਜਿਨ੍ਹਾਂ ਦੀ ਸੇਵਾ ਲਈ ਲੰਗਰ ਸੁਸਾਇਟੀਆਂ ਨੇ ਇਸ ਵਾਰ ਬਹੁਤ ਹੀ ਚੰਗੇ ਇੰਤਜ਼ਾਮ ਕੀਤੇ ਹਨ। ਲੋਕਾਂ ਲਈ ਭੰਡਾਰੇ ਵਿਚ ਸਵੇਰ ਤੋਂ ਰਾਤ ਤੱਕ ਪੌਸ਼ਟਿਕ ਤੇ ਮੋਟੇ ਅਨਾਜ ਦਾ ਆਹਾਰ ਦਿੱਤਾ ਜਾ ਰਿਹਾ ਹੈ ਤਾਂ ਕਿ ਯਾਤਰੀਆਂ ਦੇ ਸਰੀਰ ਵਿਚ ਤਾਕਤ ਤੇ ਇਮਿਊਨਿਟੀ ਬਣੀ ਰਹੇ।
ਵੀਡੀਓ ਲਈ ਕਲਿੱਕ ਕਰੋ -: