ਲੁਧਿਆਣਾ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਬੀਤੇ ਦਿਨ ਲੁਧਿਆਣਾ ਦੇ ਗਿੱਲ ਰੋਡ ‘ਤੇ ਸਥਿਤ ਕਿਸਮਤ ਕੰਪਲੈਕਸ ਵਿੱਚ ਪਿਸਤੌਲ ਦੀ ਨੋਕ’ ‘ਤੇ 35 ਲੱਖ ਲੁੱਟਣ ਵਾਲੇ ਤਿੰਨ ਦੋਸ਼ੀਆਂ ਨੂੰ ਕ੍ਰਾਈਮ ਬ੍ਰਾਂਚ 1 ਦੀ ਪੁਲਿਸ ਨੇ ਫੜ ਲਿਆ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਨਕਦੀ ਅਤੇ ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਹੈ।
ਇਸ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦੱਸਿਆ ਕਿ ਬੀਤੀ ਸ਼ਾਮ ਕਿਸਮਤ ਕੰਪਲੈਕਸ ਵਿੱਚ 35 ਲੱਖ ਦੀ ਲੁੱਟ ਹੋਈ ਸੀ। ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਵੱਖ -ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ ਗਗਨਦੀਪ ਸਿੰਘ, ਜੋ ਕਿ ਕਿਸਮਤ ਕੰਪਲੈਕਸ ਵਿੱਚ ਸਕਿਉਰਿਟੀ ਬਾਊਂਸਰ ਵਜੋਂ ਕੰਮ ਕਰ ਰਿਹਾ ਸੀ, ਵੱਲੋਂ ਰਚੀ ਗਈ ਸੀ, ਜਿਸ ਦੇ ਦੋ ਸਾਥੀਆਂ ਬਾਰੇ ਵੱਧ ਪੈਸੇ ਹੋਣ ਦੀ ਗੱਲ ਕਹੀ ਗਈ ਸੀ ਅਤੇ ਇਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਰੁੱਧ ਪਹਿਲਾਂ ਕੋਈ ਕੇਸ ਨਹੀਂ ਸੀ ਅਤੇ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਐਲਾਨ- ਬਠਿੰਡਾ ‘ਚ 3 ਅਕਤੂਬਰ ਨੂੰ ਵੱਡਾ ਪ੍ਰਦਰਸ਼ਨ ਕਰੇਗਾ ਅਕਾਲੀ ਦਲ
ਦੱਸਣਯੋਗ ਹੈ ਕਿ ਬੀਤੇ ਦਿਨ ਕਰੀਬ ਸ਼ਾਮ ਪੰਜ ਵਜੇ ਦੀ ਹੈ। ਮਿਲਰ ਗੰਜ ਸਥਿਤ ਕਿਸਮਤ ਕੰਪਲੈਕਸ ਵਿੱਚ ਸ਼ੰਕਰ ਮੈਟਲ ਦੇ ਮਾਲਕ ਸ਼ੰਕਰ ਆਨੰਦ ਉਰਫ ਵਿੱਕੀ ਨੇ ਦੱਸਿਆ ਸੀ ਕਿ ਉਸਦਾ ਕਰਮਚਾਰੀ ਇੱਕ ਸਾਥੀ ਸਮੇਤ ਇੱਕ ਪਾਰਟੀ ਤੋਂ ਪੇਮੈਂਟ ਲੈ ਕੇ ਆਇਆ ਸੀ। ਜਿਵੇਂ ਹੀ ਉਹ ਦੋਵੇਂ ਇਮਾਰਤ ਦੇ ਅੰਦਰ ਗਏ ਅਤੇ ਲਿਫਟ ਵਿੱਚ ਵੜਨ ਲੱਗੇ, ਉਸੇ ਸਮੇਂ ਇੱਕ ਲੁਟੇਰੇ ਨੇ ਪਿੱਛਿਓਂ ਆ ਕੇ ਦੋਵਾਂ ਉੱਤੇ ਪਿਸਤੌਲ ਤਾਣ ਦਿੱਤੀ। ਉਸ ਦੇ ਹੱਥ ਵਿੱਚੋਂ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਿਆ। 24 ਘੰਟਿਆਂ ਦੇ ਅੰਦਰ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ।