ਦਿੱਲੀ ਦੇ 5 ਸਟਾਰ ਹੋਟਲ ਵਿਚ ਠੱਗੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਗੈਸਟ ਵਜੋਂ ਹੋਟਲ ਵਿਚ ਆਏ ਅੰਕੁਸ਼ ਦੱਤਾ ਨਾਂ ਦੇ ਸ਼ਖਸ ਨੇ ਹੋਟਲ ਨੂੰ 58 ਲੱਖ ਰੁਪਏ ਦਾ ਚੂਨਾ ਲਗਾਇਆ ਹੈ। ਉਸ ਨੇ ਹੋਟਲ ਦਾ ਬਿੱਲ ਚੁਕਾਏ ਬਿਨਾਂ ਹੀ ਉਥੋਂ ਚੈੱਕਆਊਟ ਕੀਤਾ। ਇਹ ਮਾਮਲਾ ਅਨੋਖਾ ਇਸ ਲਈ ਹੋ ਜਾਂਦਾ ਹੈ ਕਿ ਇਹ ਬਿੱਲ ਕੋਈ 2-3 ਦਿਨ ਵਿਚ ਨਹੀਂ ਬਣਾਇਆ ਗਿਆ ਹੈ। ਅੰਕੁਸ਼ ਇਸ ਹੋਟਲ ਵਿਚ ਲਗਭਗ 2 ਸਾਲ ਤੱਕ ਰਿਹਾ ਸੀ ਤੇ ਇਸ ਦੌਰਾਨ ਉਸ ਨੇ ਮੁਫਤ ਵਿਚ ਹੋਟਲ ਦੀਆਂ ਸਾਰੀਆਂ ਸਹੂਲਤਾਂ ਲਈਆਂ।
ਮਾਮਲਾ ਦਿੱਲੀ ਕੌਮਾਂਤਰੀ ਹਵਾਈ ਅੱਡੇ ਕੋਲ ਬਣੇ ਏਅਰੋਸਿਟੀ ਦੇ ਹੋਟਲ ਰੋਜੇਟ ਹਾਊਸ ਦਾ ਹੈ। ਹੋਟਲ ਨੇ ਇਸ ਸਬੰਧੀ ਪੁਲਿਸ ਕੋਲ FIR ਦਰਜ ਕਰਾਈ ਹੈ। ਐੱਫਆਈਆਰ ਵਿਚ ਅੰਕੁਸ਼ ਦੱਤਾ ਦੇ ਨਾਲ ਹੋਟਲ ਦੇ ਹੀ ਮੁਲਾਜ਼ਮ ਪ੍ਰੇਮ ਪ੍ਰਕਾਸ਼ ਦਾ ਵੀ ਨਾਂ ਹੈ। ਪ੍ਰੇਮ ਪ੍ਰਕਾਸ਼ ਹੋਟਲ ਦੇ ਫਰੰਟ ਆਫਿਸ ਵਿਭਾਗ ਦੇ ਮੁਖੀ ਹਨ। ਇਸ ਤੋਂ ਇਲਾਵਾ ਹੋਟਲ ਨੇ ਆਪਣੇ ਕੁਝ ਅਣਪਛਾਤੇ ਮੁਲਾਜ਼ਮਾਂ ‘ਤੇ ਵੀ ਇਸ ਮਿਲੀਭੁਗਤ ਵਿਚ ਸ਼ਾਮਲ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।
ਅੰਕੁਸ਼ ਗੁਪਤਾ ਹੋਟਲ ਵਿਚ 603 ਦਿਨ ਠਹਿਰਿਆ ਸੀ। ਹੋਟਲ ਦੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਪ੍ਰੇਮ ਪ੍ਰਕਾਸ਼ ਨੇ ਸੰਭਵ ਤੌਰ ‘ਤੇ ਹੋਟਲ ਦੇ ਇੰਟਰਨਲ ਸਾਫਟਵੇਅਰ ਸਿਸਟਮ ਨਾਲ ਛੇੜਛਾੜ ਕੀਤੀ ਹੈ। ਇਹ ਸਿਸਟਮ ਟ੍ਰੈਕ ਕਰਦਾ ਹੈ ਕਿ ਗੈਸਟ ਕਿੰਨੇ ਦਿਨ ਤੋਂ ਹੋਟਲ ਵਿਚ ਠਹਿਰਿਆ ਹੈ ਤੇ ਉਹ ਕਿੰਨਾ ਭੁਗਤਾਨ ਕਰ ਚੁੱਕਾ ਹੈ। ਮੈਨੇਜਮੈਂਟ ਦਾ ਦੋਸ਼ ਹੈ ਕਿ ਪ੍ਰੇਮ ਪ੍ਰਕਾਸ਼ ਨੇ ਹੋਟਲ ਦੇ ਪਹਿਲੇ ਤੋਂ ਤੈਅ ਮਾਪਦੰਡਾਂ ਨੂੰ ਦਰਕਿਨਾਰ ਕਰਦੇ ਹੋਏ ਦੱਤਾ ਨੂੰ ਉਥੇ ਇੰਨੇ ਲੰਬੇ ਸਮੇਂ ਤੱਕ ਰਹਿਣ ਦੀ ਇਜਾਜ਼ਤ ਦਿੱਤੀ। ਉਨ੍ਹਾਂ ‘ਤੇ ਇਸ ਦੇ ਬਦਲੇ ਕੈਸ਼ ਲੈਣ ਦਾ ਦੋਸ਼ ਵੀ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : CM ਮਾਨ ਨੇ ਲੋਕਾਂ ਦੇ ਸਪੁਰਦ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਲਾਇਬ੍ਰੇਰੀ, 1.12 ਕਰੋੜ ਦੀ ਆਈ ਲਾਗਤ
ਹੋਟਲ ਨੇ ਦੱਸਿਆ ਕਿ ਅੰਕੁਸ਼ ਦੱਤਾ ਨੇ 30 ਮਈ 2019 ਨੂੰ ਹੋਟਲ ਵਿਚ ਚੈੱਕ ਇਨ ਕੀਤਾ ਤੇ ਇਕ ਰਾਤ ਲਈ ਇਕ ਕਮਰਾ ਬੁੱਕ ਕੀਤਾ। ਉਹ ਅਗਲੇ ਦਿਨ 30 ਮਈ ਨੂੰ ਚੈਕਆਊਟ ਕਰਨ ਦੀ ਬਜਾਏ 22 ਜਨਵਰੀ 2021 ਤੱਕ ਉਥੇ ਠਹਿਰੇ। ਹੋਟਲ ਦੇ ਮਾਪਦੰਡ ਕਹਿੰਦੇ ਹਨ ਕਿ ਜੇਕਰ ਕਿਸੇ ਗੈਸਟ ਦਾ ਬਕਾਇਆ 72 ਘੰਟੇ ਤੋਂ ਵੱਧ ਹੋ ਜਾਂਦਾ ਹੈ ਤਾਂ ਇਸ ਨੂੰ ਸੀਈਓ ਤੇ ਵਿੱਤੀ ਕੰਟਰੋਲਰ ਦੇ ਧਿਆਨ ਵਿਚ ਲਿਆਂਦਾ ਜਾਣਾ ਚਾਹੀਦਾ ਹੈ ਪਰ ਇਸ ਮਾਮਲੇ ਵਿਚ ਅਜਿਹਾ ਨਹੀਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: