ਨਵੀਂ ਦਿੱਲੀ: ਏਅਰ ਇੰਡੀਆ ਦੀ ਅਖੀਰ ਘਰ ਵਾਪਸੀ ਹੋ ਗਈ। ਟਾਟਾ ਗਰੁੱਪ ਨੇ ਵੀਰਵਾਰ ਨੂੰ ਸਰਕਾਰ ਤੋਂ ਏਅਰ ਇੰਡੀਆ ਨੂੰ ਅਧਿਕਾਰਤ ਤੌਰ ‘ਤੇ ਹਾਸਲ ਕਰ ਲਿਆ। ਇਸ ਮੌਕੇ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਕਿਹਾ, “ਅਸੀਂ ਏਅਰ ਇੰਡੀਆ ਦੇ ਟਾਟਾ ਗਰੁੱਪ ਵਿੱਚ ਵਾਪਸ ਆਉਣ ‘ਤੇ ਬਹੁਤ ਖੁਸ਼ ਹਾਂ ਅਤੇ ਇਸਨੂੰ ਵਿਸ਼ਵ ਪੱਧਰੀ ਏਅਰਲਾਈਨ ਬਣਾਉਣ ਲਈ ਵਚਨਬੱਧ ਹਾਂ।”
ਇਸ ਤੋਂ ਪਹਿਲਾਂ ਚੰਦਰਸ਼ੇਖਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। DIPAM ਦੇ ਸਕੱਤਰ ਤੁਹਿਨ ਕਾਂਤਾ ਪਾਂਡੇ ਨੇ ਦੱਸਿਆ ਕਿ ਏਅਰ ਇੰਡੀਆ ਦੇ 100 ਫੀਸਦੀ ਸ਼ੇਅਰ ਮੈਸਰਜ਼ ਟੈਲੇਸ ਪ੍ਰਾਈਵੇਟ ਲਿਮਟਿਡ ਨੂੰ ਟਰਾਂਸਫਰ ਕਰ ਦਿੱਤੇ ਗਏ ਹਨ। ਹੁਣ ਨਵਾਂ ਬੋਰਡ ਏਅਰ ਇੰਡੀਆ ਦਾ ਚਾਰਜ ਸੰਭਾਲੇਗਾ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਪੜ੍ਹੋ ਇਸ ਡੀਲ ਬਾਰੇ ਅਹਿਮ ਗੱਲਾਂ :
- ਏਅਰ ਇੰਡੀਆ ਦੀ 68 ਸਾਲਾਂ ਬਾਅਦ ਘਰ ਵਾਪਸੀ ਹੋਈ ਹੈ। ਪਿਛਲੇ ਸਾਲ ਅਕਤੂਬਰ ਵਿੱਚ ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ 18,000 ਕਰੋੜ ਰੁਪਏ ਵਿੱਚ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਦੀ ਸਹਾਇਕ ਕੰਪਨੀ ਟੇਲਸ ਪ੍ਰਾਈਵੇਟ ਲਿਮਟਿਡ ਨੂੰ ਵੇਚ ਦਿੱਤਾ ਸੀ।
- ਇਸ ਡੀਲ ਦੇ ਹਿੱਸੇ ਵਜੋਂ ਟਾਟਾ ਗਰੁੱਪ ਨੂੰ ਏਅਰ ਇੰਡੀਆ ਐਕਸਪ੍ਰੈਸ ਅਤੇ ਗਰਾਊਂਡ ਹੈਂਡਲਿੰਗ ਆਰਮ ਏਅਰ ਇੰਡੀਆ SATS ਵਿੱਚ 50 ਪ੍ਰਤੀਸ਼ਤ ਹਿੱਸੇਦਾਰੀ ਵੀ ਸੌਂਪੀ ਜਾਵੇਗੀ।
- ਟਾਟਾ ਨੇ ਸਪਾਈਸਜੈੱਟ ਦੇ ਪ੍ਰਮੋਟਰ ਅਜੈ ਸਿੰਘ ਦੀ ਅਗਵਾਈ ਵਾਲੇ ਕੰਸੋਰਟੀਅਮ ਵੱਲੋਂ 100 ਫੀਸਦੀ ਹਿੱਸੇਦਾਰੀ ਅਤੇ ਸਰਕਾਰ ਵੱਲੋਂ ਤੈਅ 12,906 ਕਰੋੜ ਰੁਪਏ ਦੀ ਰਾਖਵੀਂ ਕੀਮਤ ਲਈ 15,100 ਕਰੋੜ ਰੁਪਏ ਦੀ ਪੇਸ਼ਕਸ਼ ਨੂੰ ਪਿੱਛੇ ਛੱਡ ਕੇ ਇਹ ਡੀਲ ਹਾਸਲ ਕੀਤੀ।
- ਏਅਰ ਇੰਡੀਆ ‘ਤੇ 60 ਹਜ਼ਾਰ ਕਰੋੜ ਦਾ ਕਰਜ਼ਾ ਹੈ ਅਤੇ ਇਸ ਕਾਰਨ ਸਰਕਾਰ ਨੂੰ ਰੋਜ਼ਾਨਾ ਕਰੀਬ 20 ਕਰੋੜ ਦਾ ਨੁਕਸਾਨ ਹੋਇਆ ਹੈ।
- 2003-04 ਤੋਂ ਬਾਅਦ ਇਹ ਪਹਿਲਾ ਨਿੱਜੀਕਰਨ ਹੈ, ਹਾਲਾਂਕਿ ਏਅਰ ਇੰਡੀਆ ਟਾਟਾ ਗਰੁੱਪ ਵਿੱਚ ਤੀਜਾ ਏਅਰਲਾਈਨ ਬ੍ਰਾਂਡ ਹੋਵੇਗਾ – ਕੰਪਨੀ ਦੀ ਏਅਰਏਸ਼ੀਆ ਇੰਡੀਆ ਤੇ ਸਿੰਗਾਪੁਰ ਏਅਰਲਾਈਨਸ ਲਿਮਟਿਡ ਨਾਲ ਇੱਕ ਜੁਆਇੰਟ ਉੱਦਮ ਵਿਸਤਾਰਾ ਵਿੱਚ ਮੈਜੋਰਿਟੀ ਹੋਲਡਿੰਗ ਹੈ।
- ਟਾਟਾ ਨੂੰ ਏਅਰ ਇੰਡੀਆ ਦੀ ਵਸੰਤ ਵਿਹਾਰ ਹਾਊਸਿੰਗ ਕਾਲੋਨੀ, ਨਰੀਮਨ ਪੁਆਇੰਟ ਵਿੱਚ ਏਅਰ ਇੰਡੀਆ ਬਿਲਡਿੰਗ, ਮੁੰਬਈ ਵਿੱਚ ਏਅਰ ਇੰਡੀਆ ਬਿਲਡਿੰਗ ਅਤੇ ਨਵੀਂ ਦਿੱਲੀ ਵਿੱਚ ਏਅਰ ਇੰਡੀਆ ਬਿਲਡਿੰਗ ਵਰਗੀਆਂ ਗੈਰ-ਪ੍ਰਮੁੱਖ ਜਾਇਦਾਦਾਂ ਨਹੀਂ ਮਿਲਣਗੀਆਂ।
- ਇਸ ਵੇਲੇ ਏਅਰ ਇੰਡੀਆ ਘਰੇਲੂ ਹਵਾਈ ਅੱਡਿਆਂ ‘ਤੇ 4,400 ਤੋਂ ਵੱਧ ਘਰੇਲੂ ਅਤੇ 1,800 ਅੰਤਰਰਾਸ਼ਟਰੀ ਲੈਂਡਿੰਗ ਅਤੇ ਪਾਰਕਿੰਗ ਸਲਾਟਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ 900 ਸਲਾਟਾਂ ਨੂੰ ਕੰਟਰੋਲ ਕਰਦੀ ਹੈ।
- ਟਾਟਾ ਨੂੰ ਮਿਲਣ ਵਾਲੇ 141 ਜਹਾਜ਼ਾਂ ‘ਚੋਂ 42 ਜਹਾਜ਼ ਲੀਜ਼ ‘ਤੇ ਹਨ, ਜਦਕਿ ਬਾਕੀ 99 ਜਹਾਜ਼ ਖ਼ੁਦ ਦੇ ਰਹਿਣਗੇ।
- ਰਿਪੋਰਟਾਂ ਦੀ ਮੰਨੀਏ ਤਾਂ ਟਾਟਾ ਪਹਿਲੇ ਸਾਲ ਕੋਈ ਛਾਂਟੀ ਨਹੀਂ ਕਰ ਸਕੇਗੀ ਅਤੇ ਦੂਜੇ ਸਾਲ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਸਵੈ-ਇੱਛਤ ਰਿਟਾਇਰਮੈਂਟ ਸਕੀਮ ਦੀ ਸਹੂਲਤ ਦਿੱਤੀ ਜਾਵੇਗੀ। ਸਾਰੇ ਕਰਮਚਾਰੀਆਂ ਨੂੰ ਗ੍ਰੈਚਿਉਟੀ ਅਤੇ ਪ੍ਰਾਵੀਡੈਂਟ ਫੰਡ ਲਾਭ ਦਿੱਤੇ ਜਾਣਗੇ।
- ਟਾਟਾ ਸੰਨਜ਼ ਪੰਜ ਸਾਲਾਂ ਬਾਅਦ ਬ੍ਰਾਂਡ ਨੂੰ ਸਿਰਫ ਕਿਸੇ ਭਾਰਤੀ ਵਿਅਕਤੀ ਨੂੰ ਟ੍ਰਾਂਸਫਰ ਕਰਨ ਦੇ ਯੋਗ ਹੋਵੇਗਾ ਤਾਂ ਜੋ ਬ੍ਰਾਂਡ- ਏਅਰ ਇੰਡੀਆ ਹਮੇਸ਼ਾ ਲਈ ਭਾਰਤੀ ਰਹੇ।
- ਟਾਟਾ ਨੇ 1932 ਵਿੱਚ ਟਾਟਾ ਏਅਰਲਾਈਨਜ਼ ਦੀ ਸਥਾਪਨਾ ਕੀਤੀ, ਜਿਸਦਾ ਬਾਅਦ ਵਿੱਚ 1946 ਵਿੱਚ ਨਾਮ ਬਦਲ ਕੇ ਏਅਰ ਇੰਡੀਆ ਰੱਖਿਆ ਗਿਆ। ਸਰਕਾਰ ਨੇ 1953 ਵਿੱਚ ਏਅਰਲਾਈਨ ਦਾ ਕੰਟਰੋਲ ਲੈ ਲਿਆ, ਪਰ ਜੇਆਰਡੀ ਟਾਟਾ 1977 ਤੱਕ ਇਸਦੇ ਚੇਅਰਮੈਨ ਰਹੇ। ਹੁਣ ਏਅਰ ਇੰਡੀਆ ਇਕ ਵਾਰ ਫਿਰ ਟਾਟਾ ਦਾ ਹਿੱਸਾ ਬਣ ਗਈ ਹੈ।