ਪੰਜਾਬ ਦੀ ਸਪੈਸ਼ਲ ਟਾਸਕ ਫੋਰਸ ਨੇ ਲੁਧਿਆਣਾ ਦੇ ਥਾਣਾ ਡਾਬਾ ਵਿਖੇ ਤਾਇਨਾਤ ਇੱਕ ਏਐਸਆਈ ਅਤੇ ਇੱਕ ਔਰਤ ਨੂੰ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੇ ਵਰਦੀ ਪਾਈ ਹੋਈ ਸੀ ਅਤੇ ਮੱਧ ਪ੍ਰਦੇਸ਼ ਤੋਂ ਲੁਧਿਆਣਾ ਸਕਾਰਪੀਓ ਵਿੱਚ ਨਸ਼ਾ ਲੈ ਕੇ ਆ ਰਿਹਾ ਸੀ। ਗੱਡੀ ਵਿੱਚੋਂ ਪੌਣੇ ਤਿੰਨ ਕੁਇੰਟਲ ਭੁੱਕੀ ਬਰਾਮਦ ਹੋਈ ਹੈ।
ਮੁਲਜ਼ਮ ਦੀ ਪਛਾਣ ਏਐਸਆਈ ਰਜਿੰਦਰ ਸਿੰਘ ਵਜੋਂ ਹੋਈ ਹੈ। ਹੋਰ ਮੁਲਜ਼ਮਾਂ ਵਿੱਚ ਦਲਜੀਤ ਕੌਰ ਵਾਸੀ ਗੌਤਮ ਵਿਹਾਰ ਹੈਬੋਵਾਲ ਅਤੇ ਪਵਨਜੀਤ ਸਿੰਘ ਵਾਸੀ ਮਨਜੀਤ ਨਗਰ ਸ਼ਾਮਲ ਹਨ। ਦੋਸ਼ੀ ਨੇ ਭੁੱਕੀ ਅਤੇ ਅਫੀਮ ਦੀ ਤਸਕਰੀ ਕਰਕੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ। ਪੁਲਿਸ ਨੇ ਤਿੰਨਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐਸਟੀਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਅਨੁਸਾਰ ਥਾਣਾ ਡਾਬਾ ਦੇ ਏਐਸਆਈ ਰਜਿੰਦਰ ਸਿੰਘ ਚਿੱਟੇ ਰੰਗ ਦੀ ਸਕਾਰਪੀਓ ਕਾਰ ਵਿੱਚ ਸਵਾਰ ਹੋ ਕੇ ਮੱਧ ਪ੍ਰਦੇਸ਼ ਤੋਂ ਭੁੱਕੀ ਲੈ ਕੇ ਖਰੜ ਤੋਂ ਲੁਧਿਆਣਾ ਆ ਰਹੇ ਹਨ।
ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਟਰੈਪ ਲਗਾ ਕੇ ਉਨ੍ਹਾਂ ਨੂੰ ਕਾਬੂ ਕੀਤਾ ਤਾਂ ਏਐਸਆਈ ਰਜਿੰਦਰ ਸਿੰਘ ਵਰਦੀ ਪਾ ਕੇ ਕਾਰ ਵਿੱਚ ਬੈਠਿਆ ਹੋਇਆ ਸੀ ਅਤੇ ਜਾਂਚ ਤੋਂ ਬਾਅਦ ਗੱਡੀ ਵਿੱਚੋਂ 2 ਕੁਇੰਟਲ 80 ਕਿਲੋ ਭੁੱਕੀ ਬਰਾਮਦ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਖਿਲਾਫ ਐਸਟੀਐਫ ਮੁਹਾਲੀ ਪੁਲਿਸ ਸਟੇਸ਼ਨ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਹੈ।
ਦਲਜੀਤ ਕੌਰ ਅਤੇ ਪਵਨਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਅਫੀਮ ਅਤੇ ਭੁੱਕੀ ਦੇ ਤਿੰਨ ਅਪਰਾਧਿਕ ਮਾਮਲੇ ਦਰਜ ਹਨ। ਪਹਿਲਾਂ ਉਹ ਛੋਟੇ ਪੱਧਰ ‘ਤੇ ਅਫੀਮ ਦੀ ਤਸਕਰੀ ਕਰਦੀ ਸੀ ਪਰ ਹੁਣ ਪੈਸੇ ਦੇ ਲਾਲਚ ਵਿੱਚ ਉਹ ਮੱਧ ਪ੍ਰਦੇਸ਼ ਤੋਂ ਵੱਡੇ ਪੱਧਰ ‘ਤੇ ਅਫੀਮ ਅਤੇ ਭੁੱਕੀ ਲਿਆਉਂਦੀ ਸੀ ਅਤੇ ਦੋ ਤੋਂ ਤਿੰਨ ਵਾਰ ਨਸ਼ੇ ਸਪਲਾਈ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਬੱਚਿਆਂ ਨੂੰ ਅਗਵਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਕਰਵਾਉਂਦੇ ਸਨ ਦੇਹ ਵਪਾਰ ਤੇ ਮੰਗਵਾਉਂਦੇ ਸਨ ਭੀਖ
ਸੂਤਰਾਂ ਅਨੁਸਾਰ ਏਐਸਆਈ ਰਜਿੰਦਰ ਸਿੰਘ ਖੁਦ ਨਸ਼ਾ ਨਹੀਂ ਕਰਦਾ। ਪਰ ਉਹ ਜੂਏ ਦਾ ਆਦੀ ਹੈ। ਉਹ ਹੈਬੋਵਾਲ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸਨੇ ਪਹਿਲਾਂ ਵੀ ਦਲਜੀਤ ਕੌਰ ਨੂੰ ਨਸ਼ੀਲੇ ਪਦਾਰਥਾਂ ਨਾਲ ਫੜਿਆ ਸੀ ਅਤੇ ਉਸ ਮਾਮਲੇ ਵਿੱਚ ਜਾਂਚ ਅਧਿਕਾਰੀ ਸੀ। ਪੈਸਿਆਂ ਦੀ ਲੋੜ ਕਾਰਨ ਉਸ ਨੇ ਦਲਜੀਤ ਕੌਰ ਨਾਲ ਮਿਲ ਕੇ ਨਸ਼ਿਆਂ ਦੀ ਤਸਕਰੀ ਸ਼ੁਰੂ ਕਰ ਦਿੱਤੀ। ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਉਸਦੇ ਨਾਲ ਆਏ ਕੁਝ ਅਧਿਕਾਰੀ ਇਸ ਸੰਬੰਧੀ ਜਾਣਕਾਰੀ ਦੇ ਰਹੇ ਹਨ।