ਏਸ਼ੀਆ ਕੱਪ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਅਖੀਰ ਖ਼ਤਮ ਹੋ ਗਈਆਂ ਹਨ। ਏਸ਼ੀਆ ਕੱਪ ਖੇਡਿਆ ਜਾਵੇਗਾ ਅਤੇ ਇਸ ਦੇ ਸ਼ਡਿਊਲ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਏਸ਼ੀਆਈ ਕ੍ਰਿਕਟ ਕੌਂਸਲ ਨੇ ਟੂਰਨਾਮੈਂਟ ਨੂੰ ਦੋ ਦੇਸ਼ਾਂ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਵਾਰ ਏਸ਼ੀਆ ਕੱਪ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ 31 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ ਫਾਈਨਲ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ। ਏਸ਼ੀਆ ਕੱਪ ਹਾਈਬ੍ਰਿਡ ਮਾਡਲ ਦੇ ਤਹਿਤ ਖੇਡਿਆ ਜਾਵੇਗਾ ਅਤੇ ਇਸ ਦੇ ਤਹਿਤ ਪਾਕਿਸਤਾਨ ‘ਚ ਸਿਰਫ 4 ਮੈਚ ਖੇਡੇ ਜਾਣਗੇ। ਸ਼੍ਰੀਲੰਕਾ ‘ਚ 9 ਮੈਚ ਹੋਣਗੇ।
ਏਸ਼ੀਅਨ ਕ੍ਰਿਕਟ ਕੌਂਸਲ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਦੋ ਗਰੁੱਪਾਂ ਵਿੱਚ ਹੋਵੇਗਾ। ਦੋਵਾਂ ਗਰੁੱਪਾਂ ਵਿੱਚੋਂ 2-2 ਟੀਮਾਂ ਸੁਪਰ-4 ਪੜਾਅ ਵਿੱਚ ਪਹੁੰਚਣਗੀਆਂ। ਸੁਪਰ-4 ਰਾਊਂਡ ਦੀਆਂ ਚੋਟੀ ਦੀਆਂ 2 ਟੀਮਾਂ ਫਾਈਨਲ ‘ਚ ਖੇਡਣਗੀਆਂ।
ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਏਸ਼ੀਆ ਕੱਪ ਵਨਡੇ ਫਾਰਮੈਟ ਵਿੱਚ ਖੇਡਿਆ ਜਾਵੇਗਾ। ਵਰਲਡ ਕੱਪ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਏਸ਼ੀਆ ਕੱਪ ਸਾਰੀਆਂ ਏਸ਼ੀਆਈ ਟੀਮਾਂ ਲਈ ਬਹੁਤ ਅਗਿਮ ਟੂਰਨਾਮੈਂਟ ਹੈ। ਟੂਰਨਾਮੈਂਟ ਵਿੱਚ ਭਾਰਤ, ਪਾਕਿਸਤਾਨ, ਸ੍ਰੀਲੰਕਾ ਤੋਂ ਇਲਾਵਾ ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਵੀ ਖੇਡਣਗੀਆਂ।
ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਪਹਿਲੇ ਏਸ਼ੀਆ ਕੱਪ ਦਾ ਮੇਜ਼ਬਾਨ ਸੀ ਪਰ ਬੀਸੀਸੀਆਈ ਨੇ ਟੀਮ ਇੰਡੀਆ ਨੂੰ ਉੱਥੇ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਪੀਸੀਬੀ ਨੇ ਵੀ ਅੜੀਅਲ ਰੁਖ਼ ਅਖਤਿਆਰ ਕੀਤਾ ਅਤੇ ਟੂਰਨਾਮੈਂਟ ਪਾਕਿਸਤਾਨ ਵਿੱਚ ਹੀ ਕਰਵਾਉਣ ਲਈ ਜ਼ੋਰ ਪਾਇਆ ਪਰ ਅਖੀਰ ਵਿੱਚ ਬੀਸੀਸੀਆਈ ਅਤੇ ਹੋਰ ਕ੍ਰਿਕਟ ਬੋਰਡਾਂ ਦੇ ਦਬਾਅ ਤੋਂ ਬਾਅਦ ਪੀਸੀਬੀ ਨੂੰ ਝੁਕਣਾ ਪਿਆ। ਹੁਣ ਕਹਿਣ ਨੂੰ ਤਾਂ ਪਾਕਿਸਤਾਨ ਇਸ ਟੂਰਨਾਮੈਂਟ ਦਾ ਮੇਜ਼ਬਾਨ ਹੈ ਪਰ ਇਸ ਤੋਂ ਦੁੱਗਣੇ ਮੈਚ ਸ਼੍ਰੀਲੰਕਾ ‘ਚ ਹੋਣਗੇ, ਜੋ ਕਿ ਉਸ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਏਸ਼ੀਆ ਕੱਪ ਦਾ ਫਾਈਨਲ ਵੀ ਸ੍ਰੀਲੰਕਾ ਵਿੱਚ ਹੀ ਹੋਵੇਗਾ।
ਇਹ ਵੀ ਪੜ੍ਹੋ : ਸਰਵਜੀਤ ਮਾਣੂੰਕੇ ਦਾ ਖਹਿਰਾ ਨੂੰ ਸਿੱਧਾ ਚੈਲੰਜ- ‘ਗਲਤ ਦੋਸ਼ ਲਾਇਆ ਤਾਂ ਕੋਰਟ ‘ਚ ਘਸੀਟਾਂਗੀ’
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਲਈ ਏਸ਼ੀਆ ਕੱਪ ਬਹੁਤ ਅਹਿਮ ਹੈ। ਇਸ ਵਾਰ ਵਰਲਡ ਕੱਪ ਭਾਰਤ ‘ਚ ਹੀ ਹੋਣਾ ਹੈ ਅਤੇ ਇਹ ਏਸ਼ੀਆ ਕੱਪ ਤੋਂ ਹੀ ਪਤਾ ਲੱਗ ਜਾਵੇਗਾ ਕਿ ਟੀਮ ਇੰਡੀਆ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ। ਪਿਛਲੇ ਸਾਲ ਏਸ਼ੀਆ ਕੱਪ ਵਿੱਚ ਟੀਮ ਇੰਡੀਆ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਸੀ। ਉਹ ਫਾਈਨਲ ਤੱਕ ਨਹੀਂ ਪਹੁੰਚ ਸਕੀ ਸੀ। ਖ਼ਿਤਾਬੀ ਮੁਕਾਬਲਾ ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਹੋਇਆ। ਸ਼੍ਰੀਲੰਕਾ ਨੇ ਏਸ਼ੀਆ ਕੱਪ 23 ਦੌੜਾਂ ਨਾਲ ਜਿੱਤ ਲਿਆ। ਹਾਲਾਂਕਿ ਪਿਛਲੇ ਸਾਲ ਇਹ ਟੂਰਨਾਮੈਂਟ ਟੀ-20 ਫਾਰਮੈਟ ‘ਚ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: