ਮੋਗਾ ‘ਚ 20-25 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ। ਵਿਆਹ ਸਮਾਗਮ ‘ਚ ਡੀਜੇ ‘ਤੇ ਗੀਤ ਵਜਾਉਣ ਨੂੰ ਲੈ ਕੇ ਝਗੜਾ ਹੋਇਆ ਸੀ। ਹਮਲਾਵਰਾਂ ਨੇ ਉਸ ਨੂੰ ਬਚਾਉਣ ਆਏ ਉਸ ਦੇ ਪਿਤਾ ਮਾਂ ਅਤੇ ਦਾਦੇ ‘ਤੇ ਵੀ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਮੌਕੇ ‘ਤੇ ਹਵਾਈ ਫਾਇਰ ਵੀ ਕੀਤੇ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਲੋਹਗੜ੍ਹ ਦੇ ਰਹਿਣ ਵਾਲੇ ਹਰਜੋਤ ਸਿੰਘ ਜੋਧਾ ਨੇ ਦੱਸਿਆ ਕਿ ਉਹ ਆਈਲੈਟਸ ਦੀ ਤਿਆਰੀ ਕਰ ਰਿਹਾ ਹੈ। ਨਾਲ ਹੀ ਉਹ ਕਬੱਡੀ ਖਿਡਾਰੀ ਵੀ ਹੈ। ਉਸ ਦੇ ਦੋਸਤ ਹੈਪੀ ਦਾ ਮੰਗਲਵਾਰ ਨੂੰ ਪਿੰਡ ‘ਚ ਵਿਆਹ ਸੀ। ਉਹ ਆਪਣੇ ਕੁਝ ਦੋਸਤਾਂ ਨਾਲ ਹੈਪੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਿੰਡ ਚੜਿੱਕ ਦੇ ਇੱਕ ਮੈਰਿਜ ਪੈਲੇਸ ਵਿੱਚ ਗਿਆ ਹੋਇਆ ਸੀ। ਉੱਥੇ ਉਸ ਦੇ ਦੋਸਤਾਂ ਨੇ ਡੀਜੇ ‘ਤੇ ਗੀਤ ਵਜਾਇਆ।
ਮੋਗਾ ਤੋਂ ਲਾੜੇ ਦੇ ਜਾਣਕਾਰ ਕੁਝ ਨੌਜਵਾਨ ਵਿਆਹ ਲਈ ਆਏ ਹੋਏ ਸਨ। ਉਨ੍ਹਾਂ ਨੇ ਗਾਣਾ ਲਾਉਣ ਨੂੰ ਤੂੰ ਤੂੰ-ਮੈਂ-ਮੈਂ ਕਰਨੀ ਸ਼ੁਰੂ ਕਰ ਦਿੱਤੀ। ਇੱਕ ਨੌਜਵਾਨ ਨੇ ਉਸ ਦੇ ਦੋਸਤ ਨੂੰ ਥੱਪੜ ਮਾਰ ਦਿੱਤਾ। ਉਹ ਬਚਾਅ ਕਰਨ ਲਈ ਅੱਗੇ ਆਏ ਤਾਂ ਦੋਵੇਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਮਗਰੋਂ ਕੁਝ ਨੌਜਵਾਨ ਉਸ ਨੂੰ ਘਰ ਛੱਡਣ ਪਿੰਡ ਲੋਹਗੜ੍ਹ ਆ ਗਏ। ਜਿਵੇਂ ਹੀ ਪਿੰਡ ਵਿੱਚ ਦਾਖਲ ਹੋਇਆ ਤਾਂ 20 ਤੋਂ 25 ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦਾ ਪਿੱਛਾ ਕਰਨ ਲੱਗੇ।
ਇਹ ਵੀ ਪੜ੍ਹੋ : ਸੰਗਰੂਰ : ਸੜਕਾਂ ‘ਤੇ ਝਾੜੂ ਲਾ ਰਿਹੈ ਗੋਲਡ ਮੈਡਲਿਸਟ ਬਾਕਸਰ, ਮੈਡਲ ਵਿਖਾਉਂਦਾ ਹੋਇਆ ਭਾਵੁਕ
ਇਸ ਤੋਂ ਬਾਅਦ ਜਦੋਂ ਉਹ ਤੇਜ਼ੀ ਨਾਲ ਆਪਣੇ ਘਰ ਵੱਲ ਵਧਿਆ ਤਾਂ ਹਥਿਆਰਬੰਦ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਘਰ ਦੇ ਨੇੜੇ ਹੀ ਹਮਲਾ ਕਰ ਦਿੱਤਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦਾ ਪਿਤਾ ਬਲਵੰਤ ਸਿੰਘ, ਦਾਦਾ ਰਾਜ ਸਿੰਘ ਅਤੇ ਕਮਲਜੀਤ ਕੌਰ ਉਸ ਨੂੰ ਬਚਾਉਣ ਲਈ ਪਹੁੰਚ ਗਏ ਪਰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ।
ਉਸ ਨੂੰ ਮਾਰਨ ਦੀ ਨੀਅਤ ਨਾਲ ਹਮਲਾਵਰਾਂ ਨੇ ਹਵਾ ਵਿੱਚ ਤਿੰਨ ਗੋਲੀਆਂ ਚਲਾਈਆਂ। ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਫਾਇਰਿੰਗ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਮੌਕਾ ਪਾ ਕੇ ਹਮਲਾਵਰ ਫਰਾਰ ਹੋ ਗਏ। ਜਦੋਂਕਿ ਉਸ ਦੇ ਪਰਿਵਾਰ ਦੇ ਜ਼ਖਮੀ ਮੈਂਬਰਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਦਾਖਲ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: