ਨਵੀਂ ਦਿੱਲੀ, ਵਾਹਨ ਨਿਰਮਾਤਾ ਕੰਪਨੀਆਂ Mercedes Benz, Audi, Renault, Kia India ਅਤੇ MG Motor ਨੇ ਬੁੱਧਵਾਰ ਨੂੰ ਲਾਗਤ ਵਧਣ ਕਾਰਨ ਅਗਲੇ ਮਹੀਨੇ ਤੋਂ ਆਪਣੇ ਮਾਡਲਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਅਤੇ ਟਾਟਾ ਮੋਟਰਸ ਨੇ ਨਵੇਂ ਸਾਲ ਤੋਂ ਮਾਡਲਾਂ ਦੀਆਂ ਕੀਮਤਾਂ ਵਧਾਉਣ ਦਾ ਪਹਿਲਾਂ ਹੀ ਐਲਾਨ ਕੀਤਾ ਹੈ।
ਔਡੀ ਇੰਡੀਆ 1 ਜਨਵਰੀ ਤੋਂ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ 1.7 ਫੀਸਦੀ ਵਧਾਏਗੀ, ਜਦਕਿ ਮਰਸੀਡੀਜ਼-ਬੈਂਜ਼ ਇੰਡੀਆ 5 ਫੀਸਦੀ ਕੀਮਤਾਂ ਵਧਾਏਗੀ। ਕਿਆ ਇੰਡੀਆ ਨੇ ਕਿਹਾ ਕਿ ਮਾਡਲ ਅਤੇ ਵੇਰੀਐਂਟ ਦੇ ਆਧਾਰ ‘ਤੇ ਕੀਮਤਾਂ ‘ਚ ਵਾਧੇ ਦੀ ਮਾਤਰਾ 50,000 ਰੁਪਏ ਤੱਕ ਹੋਵੇਗੀ। ਹਾਲਾਂਕਿ, ਰੇਨੋ ਨੇ ਇਹ ਨਹੀਂ ਦੱਸਿਆ ਕਿ ਉਹ ਆਪਣੇ ਵਾਹਨਾਂ ਦੀ ਕੀਮਤ ਵਿੱਚ ਕਿੰਨਾ ਵਾਧਾ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ MG ਮੋਟਰ ਇੰਡੀਆ ਨੇ ਕਿਹਾ ਕਿ ਉਹ ਮਾਡਲ ਅਤੇ ਵੇਰੀਐਂਟ ਦੇ ਆਧਾਰ ‘ਤੇ ਜਲਦ ਹੀ ਕੀਮਤਾਂ ‘ਚ ਦੋ-ਤਿੰਨ ਫੀਸਦੀ ਦਾ ਵਾਧਾ ਕਰੇਗੀ।
ਇਹ ਵੀ ਪੜ੍ਹੋ : ਐਲਨ ਮਸਕ ਦੇ ਨਾਂ ਇੱਕ ਹੋਰ ਰਿਕਾਰਡ, 200 ਅਰਬ ਡਾਲਰ ਗੁਆਉਣ ਵਾਲੇ ਬਣੇ ਪਹਿਲੇ ਬੰਦੇ
ਜ਼ਿਆਦਾਤਰ ਕੰਪਨੀਆਂ ਨੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦੇ ਫੈਸਲੇ ਪਿੱਛੇ ਉਤਪਾਦਨ ਲਾਗਤ ਵਧਣ ਦਾ ਕਾਰਨ ਦੱਸਿਆ ਹੈ। ਰੇਨੋ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, “ਮਹਿੰਗੀਆਂ ਵਸਤੂਆਂ, ਵਿਦੇਸ਼ੀ ਮੁਦਰਾ ਦਰਾਂ ਵਿੱਚ ਉਤਰਾਅ-ਚੜ੍ਹਾਅ, ਮਹਿੰਗਾਈ ਅਤੇ ਰੈਗੂਲੇਟਰੀ ਲੋੜਾਂ ਕਾਰਨ ਕੰਪਨੀ ਉੱਤੇ ਲਾਗਤ ਦਾ ਦਬਾਅ ਵਧਿਆ ਹੈ। ਕੀਮਤਾਂ ਵਿੱਚ ਵਾਧੇ ਨੇ ਲਾਗਤ ਵਿੱਚ ਵਾਧੇ ਨੂੰ ਅੰਸ਼ਿਕ ਤੌਰ ‘ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ। Renault ਛੋਟੀ ਕਾਰ Kwid, ਬਹੁ-ਮੰਤਵੀ ਵਾਹਨ ਟ੍ਰਾਈਬਰ ਅਤੇ ਸੰਖੇਪ SUV ਕਾਇਗਰ ਵਰਗੇ ਮਾਡਲ ਵੇਚਦਾ ਹੈ।
ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਉਸ ਨੇ ਲਾਗਤ ਨੂੰ ਘਟਾਉਣ ਲਈ ਵੱਧ ਤੋਂ ਵੱਧ ਯਤਨ ਕੀਤੇ ਹਨ ਅਤੇ ਅੰਸ਼ਿਕ ਤੌਰ ‘ਤੇ ਇਸ ਵਾਧੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਪਰ ਹੁਣ ਕੀਮਤਾਂ ਵਿੱਚ ਵਾਧਾ ਜ਼ਰੂਰੀ ਹੋ ਗਿਆ ਹੈ। ਕੰਪਨੀ ਜਨਵਰੀ 2023 ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਸਾਰੇ ਮਾਡਲਾਂ ‘ਤੇ ਵੱਖਰਾ ਹੋਵੇਗਾ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਉਹ ਕੀਮਤਾਂ ‘ਚ ਕਿੰਨਾ ਵਾਧਾ ਕਰਨ ਜਾ ਰਹੀ ਹੈ।
ਇਸ ਤੋਂ ਪਹਿਲਾਂ, ਟਾਟਾ ਮੋਟਰਜ਼ ਨੇ ਕਿਹਾ ਸੀ ਕਿ ਉਹ ਆਪਣੇ ਮਾਡਲਾਂ ਨੂੰ 1 ਅਪ੍ਰੈਲ, 2023 ਤੋਂ ਲਾਗੂ ਹੋਣ ਵਾਲੇ ਨਿਕਾਸੀ ਨਿਯਮਾਂ ਦੀ ਪਾਲਣਾ ਕਰਨ ਲਈ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਟਾਟਾ ਮੋਟਰਜ਼ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰਾ ਨੇ ਕਿਹਾ ਕਿ ਕੀਮਤਾਂ ‘ਚ ਸੰਸ਼ੋਧਨ ਵਧੀ ਹੋਈ ਇਨਪੁਟ ਲਾਗਤ ਦੇ ਪ੍ਰਭਾਵ ਨੂੰ ਵੀ ਪੂਰਾ ਕਰੇਗਾ, ਜੋ ਸਾਲ ਦੇ ਜ਼ਿਆਦਾਤਰ ਸਮੇਂ ਤੱਕ ਉੱਚਾ ਰਿਹਾ।
ਵੀਡੀਓ ਲਈ ਕਲਿੱਕ ਕਰੋ -: