ਬਠਿੰਡਾ ਪੁਲਿਸ ਨੇ ਅਸਾਮ ਦੇ ਬਕਸਾ ਜ਼ਿਲ੍ਹੇ ਨਾਲ ਸਬੰਧਤ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਕੋਲੋਂ ਦੋ ਦੇਸੀ ਪਿਸਤੋਲ ਬਰਾਮਦ ਕੀਤੇ ਹਨ। ਉਸ ਦੀ ਪਛਾਣ ਸੰਜੇ ਬੋਰੋ ਵਜੋਂ ਹੋਈ ਹੈ। ਉਹ ਬੋਡੋ ਲਿਬਰੇਸ਼ਨ ਟਾਈਗਰ ਫੋਰਸ ਦਾ ਮੈਂਬਰ ਰਿਹਾ ਹੈ, ਜੋ ਕਿ ਅਸਾਮ ਦੀ ਇੱਕ ਅੱਤਵਾਦੀ ਜਥੇਬੰਦੀ ਹੈ, ਜਿਸ ਨੇ 2003 ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।
ਬਠਿੰਡਾ ਦੇ ਡੀਐਸਪੀ ਸਿਟੀ 2 ਆਸ਼ਵੰਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਸਾਮ ਦੇ ਇੱਕ ਵਿਦਰੋਹੀ ਸੰਗਠਨ ਨਾਲ ਸਬੰਧਤ ਵਿਅਕਤੀ ਬਠਿੰਡਾ ਦੇ ਥਾਣਾ ਸਿਵਲ ਲਾਈਨ ਖੇਤਰ ਵਿੱਚ ਘੁੰਮ ਰਿਹਾ ਹੈ।
ਜਦੋਂ ਪੁਲਿਸ ਨੇ ਉਸ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਦੋ ਦੇਸੀ ਪਿਸਤੋਲ ਬਰਾਮਦ ਹੋਏ। ਉਸ ਦੇ ਮੋਬਾਈਲ ਦੀ ਜਾਂਚ ਕਰਨ ‘ਤੇ ਉਸ ‘ਚ ਅਸਾਮ ਦੇ ਇਕ ਅੱਤਵਾਦੀ ਗਰੁੱਪ ਦੇ ਨੇਤਾਵਾਂ ਦੀਆਂ ਤਸਵੀਰਾਂ ਵੀ ਮਿਲੀਆਂ। ਇਸ ਤੋਂ ਬਾਅਦ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਦੇ ਵਿਰੁੱਧ ਕੇਸ ਦਰਜ ਕੀਤਾ ਗਿਆ।
ਇਹ ਵੀ ਵੇਖੋ :
Chana Recipe | ਨਰਾਤਿਆਂ ‘ਚ ਭੋਗ ਲਈ ਮਸਾਲੇਦਾਰ ਚਨੇ | Black Chana Masala | Easy Chana Masala
ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਅਸਾਮ ਦੇ ਲੋੜੀਂਦੇ ਅੱਤਵਾਦੀਆਂ ਨਾਲ ਸਬੰਧ ਹੋਣ ਦੀ ਗੱਲ ਕਬੂਲ ਕੀਤੀ ਹੈ। ਉਹ ਬਠਿੰਡਾ ਵਿੱਚ ਕਿੱਥੇ ਰਹਿੰਦਾ ਸੀ ਅਤੇ ਇੱਥੇ ਲੋਕਾਂ ਦੇ ਸੰਪਰਕ ਵਿੱਚ ਕਿਵੇਂ ਸੀ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਸ ਕੋਲੋਂ ਕੁਝ ਸਥਾਨਕ ਲੋਕਾਂ ਦੇ ਨਾਂ ਤੇ ਪਤੇ ਵੀ ਮਿਲੇ ਹਨ। ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੇ ਇਹ ਨਾਂ ਕਿਉਂ ਲਿਖੇ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ ਬਿਜਲੀ ਸੰਕਟ ਜਾਰੀ, 5 ਯੂਨਿਟ ਅਜੇ ਵੀ ਠੱਪ, ਜਾਣੋ ਕੀ ਕਹਿਣਾ ਹੈ ਪਾਵਰਕਾਮ ਦਾ
ਪੁਲਿਸ ਪੁੱਛਗਿੱਛ ਦੌਰਾਨ ਸੰਜੇ ਨੇ ਦੱਸਿਆ ਕਿ ਅਸਾਮ ਵਿੱਚ ਆਤਮ-ਸਮਰਪਣ ਕਰਨ ਤੋਂ ਬਾਅਦ ਉਸਨੇ ਉੱਥੇ ਇੱਕ ਪ੍ਰਾਈਵੇਟ ਸੁਰੱਖਿਆ ਪ੍ਰਦਾਤਾ ਵਜੋਂ ਕੰਮ ਕਰਨਾ ਸ਼ੁਰੂ ਕੀਤਾ, ਪਰ ਉਹ ਸਫਲ ਨਹੀਂ ਹੋ ਸਕਿਆ। ਇਸ ਦੌਰਾਨ ਉਸ ਦਾ ਸੰਪਰਕ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੋਟੀਆਂ ਦੇ ਰਹਿਣ ਵਾਲੇ ਅਮਰੀਕ ਸਿੰਘ ਨਾਲ ਹੋਇਆ, ਜੋ ਕਿ ਪਲੰਬਰ ਦਾ ਕੰਮ ਕਰਦਾ ਸੀ।
ਅਮਰੀਕ ਸਿੰਘ ਉਸਨੂੰ ਬਠਿੰਡਾ ਲੈ ਆਇਆ। ਇੱਥੇ ਉਸਨੇ ਪਹਿਲਾਂ ਦੋ ਦੇਸੀ ਪਿਸਤੋਲ ਬਣਾਏ ਅਤੇ ਹੁਣ ਉਹ 12 ਬੋਰ ਦੀਆਂ ਰਾਈਫਲਾਂ ਬਣਾ ਰਿਹਾ ਸੀ ਕਿ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੀ ਇੱਕ ਟੀਮ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਰਵਾਨਾ ਹੋ ਚੁੱਕੀ ਹੈ।