ਪੰਜਾਬ ਕਾਂਗਰਸ ਵਿੱਚ ਧੜੇਬੰਦੀ ਬਣ ਚੁੱਕੀ ਹੈ। ਨਵਜੋਤ ਸਿੱਧੂ ਤੋਂ ਬਾਅਦ ਹੁਣ ਉਨ੍ਹਾਂ ਦੇ ਸਲਾਹਕਾਰ ਵੀ ਕੈਪਟਨ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਣ ਲਈ ਚਰਚਾ ਵਿੱਚ ਆਏ ਹੋਏ ਹਨ ਤੇ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਖੁੱਲ੍ਹ ਕੇ ਸਵਾਲ ਉਠਾ ਰਹੇ ਹਨ। ਹੁਣ ਆਪਣੀ ਹੀ ਪਾਰਟੀ ਵਿੱਚ ਕੈਪਟਨ ਦੇ ਵਿਰੋਧੀਆਂ ਦੀ ਗਿਣਤੀ ਵਧਦੀ ਨਜ਼ਰ ਆ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਕੁਰਸੀ ਨੂੰ ਵੀ ਖਤਰਾ ਹੋ ਸਕਦਾ ਹੈ।
ਦੱਸ ਦੇਈਏ ਕਿ ਅੱਜ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਇੱਕ ਵੱਡੀ ਮੀਟਿੰਗ ਵਿੱਚ 30 ਤੋਂ ਵੱਧ ਵਿਧਾਇਕ ਤੇ 3 ਕੈਬਨਿਟ ਮੰਤਰੀ ਇਕੱਠੇ ਹੋਏ। ਮੁੱਖ ਮੰਤਰੀ ਬਦਲਣ ਦੀ ਮੰਗ ਨੂੰ ਲੈ ਕੇ ਇੱਕ ਵਫਦ ਹਾਈਕਮਾਨ ਨੂੰ ਮਿਲੇਗਾ।
ਮੀਟਿੰਗ ਤੋਂ ਬਾਹਰ ਆਏ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹਾਈਕਮਾਨ ਨੂੰ 5 ਮੰਤਰੀਆਂ ਦਾ ਵਫਦ ਮਿਲੇਗਾ। ਕੈਪਟਨ ਅਮਰਿੰਦਰ ਸਿੰਘ ਤੋਂ ਬੇਅਦਬੀ, ਨਸ਼ਾ, ਬਿਜਲੀ ਵਰਗੇ ਮੁੱਦੇ ਹੱਲ ਨਹੀਂ ਹੋਏ। ਨਾ ਹੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਹੋਏ ਹਨ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਬਦਲਣਾ ਸਮੇਂ ਦੀ ਮੰਗ ਹੈ।
ਦੱਸ ਦੇਈਏ ਅੱਜ ਦੀ ਮੀਟਿੰਗ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪਰਗਟ ਸਿੰਘ, ਕੁਲਦੀਪ ਸਿੰਘ ਵੈਦ, ਸੁਰਜੀਤ ਸਿੰਘ ਧੀਮਾਨ, ਅਮਰਿੰਦਰ ਰਾਜਾ ਵੜਿੰਗ, ਅਵਤਾਰ ਹੈਨਰੀ (ਜੂਨੀਅਰ), ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਿੰਦਰ ਸਿੰਘ ਪਿੰਕੀ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਲਖਬੀਰ ਸਿੰਘ ਲੱਖਾ, ਦਵਿੰਦਰ ਘੁਬਾਇਆ, ਪ੍ਰੀਤਮ ਸਿੰਘ ਕੋਟਭਾਈ, ਕੁਲਬੀਰ ਸਿੰਘ ਜੀਰਾ, ਦਰਸ਼ਨ ਬਰਾੜ, ਦਲਵੀਰ ਸਿੰਘ ਗੋਲਡੀ, ਪ੍ਰਗਟ ਸਿੰਘ, ਕਾਕਾ ਰਣਦੀਪ ਸਿੰਘ, ਅੰਗਦ ਸਿੰਘ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਸ਼ਾਮਲ ਰਹੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ, ਹੋ ਸਕਦੀ ਹੈ ਕਾਰਵਾਈ