ਵੀਰਵਾਰ ਨੂੰ ਗੁਜਰਾਂਵਾਲਾ ਦੇ ਵਜ਼ੀਰਾਬਾਦ ‘ਚ ਇਮਰਾਨ ਖਾਨ ਦੇ ਲਾਂਗ ਮਾਰਚ ‘ਤੇ ਫਾਇਰਿੰਗ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਅਜੇ ਤੱਕ ਉਸਦੇ ਸਹੀ ਨਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਕੁਝ ਰਿਪੋਰਟਾਂ ‘ਚ ਉਸ ਦਾ ਨਾਂ ਫੈਸਲ ਅਤੇ ਕੁਝ ‘ਚ ਜਾਵੇਦ ਇਕਬਾਲ ਦੱਸਿਆ ਗਿਆ ਹੈ।
ਪਾਕਿਸਤਾਨ ਦੇ ਕਈ ਸੀਨੀਅਰ ਪੱਤਰਕਾਰਾਂ ਨੇ ਇਸ ਹਮਲਾਵਰ ਦੇ ਪੁਲਿਸ ਹਿਰਾਸਤ ਵਿੱਚ ਦਿੱਤੇ ਬਿਆਨ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ‘ਚ ਦੋਸ਼ੀ ਨੇ ਦੱਸਿਆ ਕਿ ਉਹ ਇਕੱਲਾ ਹੀ ਹਮਲਾ ਕਰਨ ਆਇਆ ਸੀ। ਉਹ ਇਮਰਾਨ ਨੂੰ ਮਾਰਨਾ ਚਾਹੁੰਦਾ ਸੀ, ਕਿਉਂਕਿ ਖਾਨ ਦੇ ਲਾਂਗ ਮਾਰਚ ਵਿੱਚ ਅਜ਼ਾਨ ਦੌਰਾਨ ਵੀ ਡੈੱਕ (ਡੀਜੇ) ਵੱਜਦਾ ਰਹਿੰਦਾ ਸੀ। ਪੁਲਿਸ ਨੇ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਦੋਸ਼ੀ ਨੇ ਪੁਲਿਸ ਹਿਰਾਸਤ ‘ਚ ਕਿਹਾ- ਮੈਂ ਇਹ (ਇਮਰਾਨ ‘ਤੇ ਗੋਲੀਬਾਰੀ) ਇਸ ਲਈ ਕੀਤੀ ਕਿਉਂਕਿ ਇਮਰਾਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਮੈਥੋਂ ਇਹ ਚੀਜ਼ ਨਹੀਂ ਵੇਖੀ ਗਈ ਅਤੇ ਮੈਂ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਸਿਰਫ ਇਮਰਾਨ ਖਾਨ ਨੂੰ ਮਾਰਨ ਆਇਆ ਸੀ। ਮੈਂ ਉਸ ਨੂੰ ਮਾਰਨਾ ਚਾਹੁੰਦਾ ਸੀ ਕਿਉਂਕਿ ਇਧਰ ਅਜ਼ਾਨ ਹੁੰਦੀ ਰਹਿੰਦੀ ਸੀ ਅਤੇ ਉਥੇ ਖਾਨ ਡੀਜੇ ਲਾ ਕੇ ਕੇ ਰੌਲਾ ਪਾਉਂਦੇ ਸਨ। ਇਹ ਗੱਲ ਮੇਰੇ ਜ਼ਮੀਰ ਨੂੰ ਮਨਜ਼ੂਰ ਨਹੀਂ ਸੀ।
ਪੁਲਿਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਕਿਹਾ ਕਿ ਮੈਂ ਇਹ ਫੈਸਲਾ ਅਚਾਨਕ ਲਿਆ ਹੈ। ਇਸ ਸਬੰਧੀ ਪਹਿਲਾਂ ਤੋਂ ਕੋਈ ਯੋਜਨਾ ਨਹੀਂ ਸੀ, ਜਿਸ ਦਿਨ ਇਹ ਲਾਂਗ ਮਾਰਚ ਲਾਹੌਰ ਤੋਂ ਸ਼ੁਰੂ ਹੋਇਆ, ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਇਮਰਾਨ ਨੂੰ ਨਹੀਂ ਛੱਡਾਂਗਾ। ਮੇਰੇ ਪਿੱਛੇ ਕੋਈ ਨਹੀਂ, ਇਹ ਕੰਮ ਮੈਂ ਇਕੱਲੇ ਹੀ ਕੀਤਾ ਹੈ। ਮੈਂ ਬਾਈਕ ‘ਤੇ ਆਇਆ ਸੀ ਆਪਣੇ ਮਾਮੂ ਦੀ ਦੁਕਾਨ ‘ਤੇ ਖੜ੍ਹੀ ਕਰ ਦਿੱਤੀ ਸੀ।
ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਆਈਬੀ ਵੀ ਪੁੱਛਗਿੱਛ ਲਈ ਇਸ ਮੁਲਜ਼ਮ ਕੋਲ ਪਹੁੰਚੀ ਹੈ। ਰਿਪੋਰਟਾਂ ਮੁਤਾਬਕ ਪੁਲਿਸ ਨੂੰ ਯਕੀਨ ਨਹੀਂ ਹੈ ਕਿ ਦੋਸ਼ੀ ਨੇ ਇਕੱਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਸੂਬੇ ‘ਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਸਰਕਾਰ ਹੈ ਅਤੇ ਇਮਰਾਨ ਨੂੰ ਜ਼ਬਰਦਸਤ ਸੁਰੱਖਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖਾਨ ਦੇ ਹਥਿਆਰਬੰਦ ਨਿੱਜੀ ਸੁਰੱਖਿਆ ਗਾਰਡ ਵੀ ਉਥੇ ਮੌਜੂਦ ਹਨ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖਿਲਾਫ ਇੱਕ ਹੋਰ ਕਾਰਵਾਈ, ਸਗੰਰੂਰ ਥਾਣੇ ‘ਚ ਤਾਇਨਾਤ ASI ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਪੁਲਿਸ ਦੇ ਸਾਹਮਣੇ ਸਵਾਲ ਇਹ ਹੈ ਕਿ ਜੇ ਦੋਸ਼ੀ ਦਾ ਕੋਈ ਹੋਰ ਸਾਥੀ ਸੀ ਤਾਂ ਉਹ ਕਿੱਥੇ ਹੈ? ਇਸ ਦਾ ਕਾਰਨ ਇਹ ਹੈ ਕਿ ਰਿਪੋਰਟਾਂ ਸਣੇ ਕੁਝ ਪੱਤਰਕਾਰ ਇਹ ਵੀ ਕਹਿ ਰਹੇ ਹਨ ਕਿ ਇੱਕ ਹਮਲਾਵਰ ਮੌਕੇ ‘ਤੇ ਹੀ ਮਾਰਿਆ ਗਿਆ। ਇਮਰਾਨ ਦੀ ਪਾਰਟੀ ਦੇ ਇੱਕ ਨੇਤਾ ਅਮੀਨ ਅਹਿਮਦ ਦੇ ਮੁਤਾਬਕ ਜਿਹੜਾ ਬੰਦਾ ਮਰਿਆ ਹੈ, ਉਹ ਪੀਟੀਆਈ ਦਾ ਹੀ ਵਰਕਰ ਸੀ।
ਵੀਡੀਓ ਲਈ ਕਲਿੱਕ ਕਰੋ -: