ਦੁਨੀਆ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਗੂਗਲ ਨੇ ਇੱਕ ਕਰਮਚਾਰੀ ਨੂੰ ਅਸੰਵੇਦਨਸ਼ੀਲਤਾ ਨਾਲ ਨੌਕਰੀ ਤੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਗੂਗਲ ‘ਚ ਵੀਡੀਓ ਪ੍ਰੋਡਕਸ਼ਨ ਮੈਨੇਜਰ ਦੇ ਤੌਰ ‘ਤੇ ਕੰਮ ਕਰਨ ਵਾਲੇ ਕਰਮਚਾਰੀ ਨੇ ਕੈਂਸਰ ਨਾਲ ਜੂਝ ਰਹੀ ਆਪਣੀ ਮਾਂ ਦੀ ਦੇਖਭਾਲ ਲਈ ਲੰਬੀ ਛੁੱਟੀ ਲਈ ਸੀ। ਪਾਲ ਬੇਕਰ ਨਾਂ ਦੇ ਇਸ ਕਰਮਚਾਰੀ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ‘ਚ ਗੂਗਲ ਦੇ ਸੈਂਕੜੇ ਕਰਮਚਾਰੀਆਂ ਦੀ ਨੌਕਰੀ ਚਲੀ ਗਈ ਹੈ।
ਪਾਲ ਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਦੇਖਭਾਲ ਲਈ ਛੁੱਟੀ ‘ਤੇ ਗਿਆ ਹੋਇਆ ਸੀ। ਇਸ ਦੌਰਾਨ ਅਚਾਨਕ ਉਸ ਦੇ ਲੈਪਟਾਪ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਅਤੇ ਜਦੋਂ ਉਸ ਨੇ ਆਪਣੇ ਨਿੱਜੀ ਕੰਪਿਊਟਰ ਤੋਂ ਲਾਗਇਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਅਜਿਹੀਆਂ ਕਈ ਕਹਾਣੀਆਂ ਹਨ, ਜਿਨ੍ਹਾਂ ਵਿੱਚ ਇਹ ਪਾਇਆ ਗਿਆ ਹੈ ਕਿ ਕਿਵੇਂ ਗੂਗਲ ਨੇ ਅਚਾਨਕ ਨੌਕਰੀਆਂ ਖੋਹ ਕੇ ਦਰਜਨਾਂ ਕਰਮਚਾਰੀਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਮਾਂ ਬਣਨ ਵਾਲੀ ਇੱਕ ਮੁਲਾਜ਼ਮ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਬੇਕਰ ਨੇ ਦੱਸਿਆ ਕਿ ਉਸਦੀ ਮਾਂ ਟਰਮੀਨਲ ਕੈਂਸਰ ਨਾਲ ਜੂਝ ਰਹੀ ਹੈ ਅਤੇ ਬੇਕਰ ਨੂੰ ਉਸਦੀ ਦੇਖਭਾਲ ਲਈ ਲਗਭਗ ਇੱਕ ਮਹੀਨੇ ਦੀ ਛੁੱਟੀ ਲੈਣੀ ਪਈ। ਇਸ ਛੁੱਟੀ ਦੌਰਾਨ ਹੀ ਉਸ ਨੂੰ ਪਤਾ ਲੱਗਾ ਕਿ ਕੰਪਨੀ ਨੇ ਕਈ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਬਾਅਦ ਵਿਚ ਪਤਾ ਲੱਗਾ ਕਿ ਉਸ ਦੀ ਨੌਕਰੀ ਵੀ ਚਲੀ ਗਈ ਹੈ ਅਤੇ ਉਹ ਇਕੱਲਾ ਨਹੀਂ ਹੈ। ਕੰਪਨੀ ਨੇ ਇੱਕ ਝਟਕੇ ਵਿੱਚ ਲਗਭਗ 12,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਕੰਪਨੀ ਦੇ ਸੀਈਓ ਸੁੰਦਰ ਪਿਚਾਈ ਨੇ ਇੱਕ ਈਮੇਲ ਵਿੱਚ ਕਰਮਚਾਰੀਆਂ ਨੂੰ ਹਟਾਉਣ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ ਤੋਂ ਬਾਅਦ ਅਮਰੀਕਾ ‘ਚ ਵੀ TikTok ਹੋਵੇਗਾ ਬੈਨ, ਬਾਇਡੇਨ ਸਰਕਾਰ ਸਦਨ ‘ਚ ਜਲਦ ਰੱਖੇਗੀ ਪ੍ਰਸਤਾਵ
ਵੀਡੀਓ ਪ੍ਰੋਡਕਸ਼ਨ ਮੈਨੇਜਰ ਦੇ ਤੌਰ ‘ਤੇ ਕੰਮ ਕਰਨ ਵਾਲੇ ਬੇਕਰ ਨੇ ਲਿੰਕਡਇਨ ‘ਤੇ ਲਿਖਿਆ, “ਗੂਗਲ ਦੇ 12,000 ਕਰਮਚਾਰੀਆਂ ਦੀ ਨੌਕਰੀ ਗੁਆਉਣ ਤੋਂ ਬਾਅਦ, ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਮੈਂ ਆਪਣੀ ਕਹਾਣੀ ਸਾਂਝੀ ਕਰਨ ਲਈ ਤਿਆਰ ਹਾਂ। ਮੈਂ ਇਲਾਜ ਕਰਕੇ ਕੇਅਰਰਸ ਲੀਵ ‘ਤੇ ਸੀ। ਮੈਂ ਗੂਗਲ ਦਾ ਕਰੀਅਰ ਤੇ ਕਲਚਰ ਦੋਵੇਂ ਮਿਸ ਕਰਾਂਗਾ।” ਬੇਕਰ ਨੇ ਕਿਹਾ ਕਿ ਉਹ ਹਮੇਸ਼ਾ ਗੂਗਲ ਦੇ ਜ਼ਿਆਦਾ ਸਟਾਫ ਹੋਣ ਬਾਰੇ ਚਿੰਤਤ ਸੀ। ਹਾਲਾਂਕਿ, ਉਸ ਨੂੰ ਇਹ ਨਹੀਂ ਪਤਾ ਸੀ ਕਿ ਇੰਨੇ ਸਾਰੇ ਕਰਮਚਾਰੀ ਇੱਕ ਵਾਰ ਵਿੱਚ ਆਪਣੀਆਂ ਨੌਕਰੀਆਂ ਗੁਆ ਦੇਣਗੇ।
ਦੱਸ ਦੇਈਏ ਕਿ ਗੂਗਲ ਇਕੱਲੀ ਅਜਿਹੀ ਕੰਪਨੀ ਨਹੀਂ ਹੈ ਜਿਸ ਨੇ ਆਪਣੇ ਕਰਮਚਾਰੀਆਂ ਦੀਆਂ ਨੌਕਰੀਆਂ ਖੋਹ ਲਈਆਂ ਹਨ। ਐਮਾਜ਼ਾਨ, ਮਾਈਕ੍ਰੋਸਾਫਟ ਅਤੇ ਹੋਰ ਤਕਨੀਕੀ ਕੰਪਨੀਆਂ ਸਾਲ ਦੀ ਸ਼ੁਰੂਆਤ ਤੋਂ ਹੀ ਅਜਿਹੇ ਫੈਸਲੇ ਲੈ ਰਹੀਆਂ ਹਨ। ਟਵਿੱਟਰ ਨੇ ਸਿਰਫ਼ ਇੱਕ ਤਿਹਾਈ ਸਟਾਫ਼ ਨੂੰ ਰੱਖਦਿਆਂ ਸਾਰਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਬਾਕੀ ਕਰਮਚਾਰੀ ਵੀ ਆਪਣੀ ਸਮਰੱਥਾ ਤੋਂ ਵੱਧ ਕੰਮ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: