ਚੰਡੀਗੜ੍ਹ : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਬੇਸਹਾਰਾ ਅਤੇ ਲੋੜਵੰਦ ਔਰਤਾਂ ਦੀ ਭਲਾਈ ਲਈ ਵਚਨਬੱਧ ਹੈ। ਪੰਜਾਬ ਸਰਕਾਰ ਐਸਿਡ ਅਟੈਕ ਤੋਂ ਪੀੜਤ ਔਰਤਾਂ ਨੂੰ 100 ਫੀਸਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਐਸਿਡ ਵਿਕਟਿਮ ਸਕੀਮ ਦਾ ਉਦੇਸ਼ ਉਨ੍ਹਾਂ ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਜੋ ਐਸਿਡ ਅਟੈਕ ਹਮਲਿਆਂ ਕਾਰਨ ਦਿਵਿਆਂਗ ਹੋ ਗਈਆਂ ਹਨ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਐਸਿਡ ਅਟੈਕ ਰਾਹੀਂ ਹਮਲਾ ਔਰਤਾਂ ਵਿਰੁੱਧ ਹਿੰਸਾ ਦਾ ਇਕ ਘਿਨਾਉਣਾ ਰੂਪ ਹੈ, ਜੋ ਕਿ ਅਪਰਾਧੀ ਵਲੋਂ ਸੋਚ ਵਿਚਾਰ ਕੇ ਕੀਤਾ ਜਾਂਦਾ ਹੈ। ਇਸ ਨਾਲ ਪੀੜਤ ਦੇ ਸਰੀਰ ਜਾ ਸਰੀਰ ਦੇ ਕਿਸੇ ਹਿੱਸੇ ਨੂੰ ਸਥਾਈ ਜਾ ਅੰਸ਼ਿਕ ਨੁਕਸ਼ਾਨ ਪਹੁੰਚਦਾ ਹੈ। ਇਸ ਕਰਕੇ ਨਾ ਕੇਵਲ ਮਾਨਸਿਕ ਅਤੇ ਸਰੀਰਕ ਪੀੜਾ ਬਲਕਿ ਹੋਰ ਬਹੁਤ ਕਿਸਮ ਦੀਆਂ ਇਨਫੈਕਸ਼ਨਾਂ, ਅੰਨਾਪਨ ਆਦਿ ਵੀ ਪ੍ਰਮੁੱਖ ਰੂਪ ਵਿਚ ਵੇਖਣ ਵਿਚ ਆਉਂਦਾ ਹੈ । ਇਸ ਤੋਂ ਬਿਨ੍ਹਾਂ ਸਮਾਜਿਕ ਅਤੇ ਅਰਥਿਕ ਮਾੜੇ ਪ੍ਰਭਾਵ ਵੀ ਔਰਤਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਤੇਜਾਬ ਪੀੜਤ ਮਹਿਲਾਵਾਂ ਲਈ ਪੂਰੀ ਤਰ੍ਹਾਂ ਰਾਜ ਵਲੋਂ ਚਲਾਈ ਜਾ ਰਹੀ ਵਿੱਤੀ ਸਹਾਇਤਾ ਸਕੀਮ ਅਧੀਨ 40% ਜਾਂ ਇਸ ਤੋਂ ਵੱਧ ਦਿਵਿਆਂਗਤਾ ਵਾਲੀਆ ਪੰਜਾਬ ਰਾਜ ਦੀਆਂ ਵਸਨੀਕ ਔਰਤਾਂ (ਬੈਂਚ ਮਾਰਕ ਦਿਵਿਆਂਗਤਾ) ਜੋ ਤੇਜਾਬ ਪੀੜਤ ਹੋਣ, ਨੂੰ ਮੁੜ ਵਸੇਬੇ ਅਤੇ ਆਤਮ ਨਿਰਭਰ ਬਣਾਉਣ ਲਈ 8,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਪੀੜਤ ਮਹਿਲਾ ਵੱਲੋਂ ਐਫ.ਆਈ.ਆਰ/ਸ਼ਿਕਾਇਤ ਦੀ ਕਾਪੀ ਰਜਿਸਟਰਡ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ 22 ਐਸਿਡ ਅਟੈਕ ਪੀੜਤ ਮਹਿਲਾਵਾਂ ਜਿਲ੍ਹਾ ਬਠਿੰਡਾ, ਗੁਰਦਾਸਪੁਰ, ਲੁਧਿਆਣਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਹੁਸ਼ਿਆਰਪੁਰ, ਮੋਗਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਇਸ ਸਕੀਮ ਅਧੀਨ ਵਿੱਤੀ ਲਾਭ ਲੈ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਐਸਿਡ ਅਟੈਕ ਹਮਲੇ ਦੇ ਪੀੜਤਾਂ ਲਈ ਚਲਾਈ ਜਾ ਰਹੀ ਸਕੀਮ ਬਾਰੇ ਦੱਸਿਆ। ਉਨ੍ਹਾਂ ਨੇ ਅੰਮ੍ਰਿਤਸਰ ਜ਼ਿਲੇ ਦੀ ਰਮਨਦੀਪ ਕੌਰ ਦੇ ਮਾਮਲੇ ਨੂੰ ਉਜਾਗਰ ਕੀਤਾ, ਜਿਸ ਨੂੰ 10 ਲੱਖ ਰੁਪਏ ਦਾ ਵਿੱਤੀ ਲਾਭ ਮਿਲ ਰਿਹਾ ਹੈ। ਡਾ: ਬਲਜੀਤ ਕੌਰ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀ ਮਹਿੰਦਰ ਕੌਰ ਦਾ ਡੀਐਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ, ਜਦਕਿ ਅਮਨਪ੍ਰੀਤ ਕੌਰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਜ਼ੇਰੇ ਇਲਾਜ ਹੈ, ਦੋਵਾਂ ਨੂੰ ਇਸ ਸਕੀਮ ਤਹਿਤ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੀਂਹ ਕਾਰਨ ਦਿੱਲੀ ਦੇ ਸਾਰੇ ਸਕੂਲ ਕੱਲ੍ਹ ਰਹਿਣਗੇ ਬੰਦ, ਗ੍ਰਹਿ ਮੰਤਰੀ ਸ਼ਾਹ ਨੇ LG ਤੋਂ ਲਿਆ ਹਾਲਾਤ ਦਾ ਜਾਇਜ਼ਾ
ਲੁਧਿਆਣਾ ਜ਼ਿਲੇ ਦੀ ਰਮਨਦੀਪ ਕੌਰ ਆਪਣੀਆਂ ਦੋ ਧੀਆਂ ਅਤੇ ਇੱਕ ਪੁੱਤਰ ਦੀਆਂ ਸਕੂਲ ਫੀਸਾਂ ਅਤੇ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਵਰਤੋਂ ਕਰ ਰਹੀ ਹੈ, ਜਿਸ ਨਾਲ ਇੱਕ ਸਥਿਰ ਰੋਜ਼ੀ-ਰੋਟੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: