ਹੁਸ਼ਿਆਰਪੁਰ ‘ਚ ਜਲੰਧਰ ਰੋਡ ‘ਤੇ ਪਿੱਪਲਾਂਵਾਲਾ ਵਿਖੇ ਦਿਨ-ਦਿਹਾੜੇ ਗੈਂਗਵਾਰ ਵਿੱਚ ਗੋਲੀਆਂ ਚੱਲੀਆਂ। ਦੋ ਗੁੱਟਾਂ ਵਿਚਾਲੇ ਹੋਈ ਝੜਪ ਵਿੱਚ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋਈ। ਝੜਪ ‘ਚ ਨੌਜਵਾਨ ਦੇ ਸਿਰ ‘ਚ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 1 ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ।
ਮ੍ਰਿਤਕ ਦੀ ਪਛਾਣ ਜਸਪ੍ਰੀਤ ਸਾਜਨ ਵਜੋਂ ਹੋਈ ਹੈ। ਜ਼ਖਮੀ ਦਾ ਨਾਂ ਚੰਨਾ ਹੈ ਜੋ ਗੋਕੁਲ ਨਗਰ ਦਾ ਰਹਿਣ ਵਾਲਾ ਹੈ। ਚੰਨਾ ਦੇ ਸਿਰ ਵਿੱਚ ਵੀ ਦੋ ਗੋਲੀਆਂ ਲੱਗੀਆਂ ਹਨ। ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੋਕਾਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਗੈਂਗਵਾਰ ਹੋਈ ਅਤੇ ਇਸ ਨੇ ਖੂਨੀ ਰੂਪ ਲੈ ਲਿਆ।
ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ‘ਚ ਜੁੱਟ ਗਈ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਸੱਤਾ ਅਤੇ ਸਾਜਨ ਵਿਚਕਾਰ ਝਗੜਾ ਚੱਲ ਰਿਹਾ ਸੀ। ਦੋਵਾਂ ਨੇ ਆਪਣੀ ਦੁਸ਼ਮਣੀ ਖਤਮ ਕਰਨ ਲਈ ਪਿੱਪਲਾਂਵਾਲਾ ਵਿਖੇ ਮੀਟਿੰਗ ਕੀਤੀ ਸੀ। ਦੋਵੇਂ ਉੱਥੇ ਪਹੁੰਚ ਗਏ ਅਤੇ ਝਗੜਾ ਸੁਲਝਾਉਣ ਦੀ ਬਜਾਏ ਦੋਵੇਂ ਆਪਸ ਵਿੱਚ ਉਲਝ ਗਏ। ਦੋਵਾਂ ਨੇ ਫੋਨ ਘੁਮਾਏ ਤੇ ਆਪਣੇ-ਆਪਣੇ ਗੈਂਗ ਦੇ ਲੋਕਾਂ ਨੂੰ ਮੌਕੇ ‘ਤੇ ਬੁਲਾਇਆ। ਸਾਜਨ ਆਪਣੇ ਗੈਂਗ ਦੇ ਨਾਲ ਜਲੰਧਰ ਹਾਈਵੇਅ ‘ਤੇ ਪਿੱਪਲਾਂਵਾਲਾ ਬਾਜ਼ਾਰ ਦੇ ਵਿਚਕਾਰ ਖੜ੍ਹਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਸਵੇਰ ਦੀ ਸੈਰ ‘ਤੇ ਗਏ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਦੂਜੇ ਪਾਸੇ ਤੋਂ ਸੱਤਾ ਗੈਂਗ ਦਾ ਬਦਮਾਸ਼ ਚੰਨਾ ਆਪਣੇ ਸਾਥੀਆਂ ਨਾਲ ਆਇਆ ਅਤੇ ਉਸ ਨੇ ਆਉਂਦਿਆਂ ਹੀ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਸਾਜਨ ਦੇ ਸਿਰ ਵਿੱਚ ਸਿੱਧੀਆਂ ਲੱਗੀਆਂ ਅਤੇ ਉਹ ਉੱਥੇ ਹੀ ਢੇਰ ਹੋ ਗਿਆ। ਸਾਜਨ ਗੈਂਗ ਦੇ ਬਦਮਾਸ਼ਾਂ ਨੇ ਵੀ ਕਰਾਸ ਫਾਇਰ ਕੀਤੇ ਅਤੇ ਚੰਨਾ ਦੇ ਸਿਰ ‘ਤੇ ਦੋ ਗੋਲੀਆਂ ਲੱਗੀਆਂ। ਉਸ ਦਾ ਬਹੁਤ ਖੂਨ ਵਗ ਗਿਆ। ਚੰਨਾ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: