ਕੇਂਦਰ ਸਰਕਾਰ ਸੁਰੱਖਿਆ ਯਕੀਨੀ ਬਣਾਉਣ ਲਈ ਅੱਠ ਸੀਟਰ ਗੱਡੀਆਂ ਵਿੱਚ ਘੱਟੋ-ਘੱਟ ਛੇ ਏਅਰਬੈਗ ਹੋਣੇ ਲਾਜ਼ਮੀ ਕਰਨ ਜਾ ਰਹੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਟਵੀਟ ਦੀ ਇੱਕ ਲੜੀ ਵਿੱਚ ਕਿਹਾ ਕਿ ਵਾਹਨ ਨਿਰਮਾਤਾਵਾਂ ਨੂੰ ਸਵਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਹਨਾਂ ਵਿੱਚ ਏਅਰਬੈਗ ਦੀ ਗਿਣਤੀ ਵਧਾਉਣੀ ਪਵੇਗੀ।
ਉਨ੍ਹਾਂ ਨੂੰ ਅੱਠ ਸਵਾਰੀਆਂ ਦੀ ਸਮਰੱਥਾ ਵਾਲੇ ਵਾਹਨਾਂ ਵਿੱਚ ਘੱਟੋ-ਘੱਟ ਛੇ ਏਅਰਬੈਗ ਲਗਾਉਣ ਲਈ ਕਿਹਾ ਜਾਵੇਗਾ। ਗਡਕਰੀ ਮੁਤਾਬਕ ਉਨ੍ਹਾਂ ਨੇ ਹਾਲ ਹੀ ਵਿੱਚ ਅੱਠ ਸੀਟਰ ਵਾਹਨਾਂ ਵਿੱਚ ਛੇ ਏਅਰਬੈਗ ਲਾਜ਼ਮੀ ਕਰਨ ਦੇ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦਿੱਤੀ ਹੈ।
ਗਡਕਰੀ ਨੇ ਕਿਹਾ ਕਿ ਆਹਮੋ-ਸਾਹਮਣੇ ਅਤੇ ਸਾਈਡ-ਟੂ-ਸਾਈਡ ਟੱਕਰ ਦੇ ਪ੍ਰਭਾਵ ਨੂੰ ਘੱਟ ਕਰਕੇ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਲਈ ਵਾਹਨਾਂ ਵਿਚ ਚਾਰ ਹੋਰ ਏਅਰਬੈਗ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਗਡਕਰੀ ਨੇ ਕਿਹਾ ਕਿ ਪਿਛਲੀ ਸੀਟ ‘ਤੇ ਦੋ ਸਾਈਡ ਏਅਰਬੈਗ ਅਤੇ ਦੋ ਟਿਊਬ ਏਅਰਬੈਗ ਪ੍ਰਦਾਨ ਕਰਨ ਨਾਲ ਸਾਰੇ ਯਾਤਰੀਆਂ ਲਈ ਯਾਤਰਾ ਸੁਰੱਖਿਅਤ ਹੋ ਜਾਵੇਗੀ। ਭਾਰਤ ਵਿੱਚ ਮੋਟਰ ਗੱਡੀਆਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਇਹ ਇੱਕ ਮਹੱਤਵਪੂਰਨ ਕਦਮ ਹੈ।
ਉਨ੍ਹਾਂ ਕਿਹਾ ਕਿ ਏਅਰਬੈਗ ਦੀ ਗਿਣਤੀ ਵਧਾਉਣ ਦਾ ਕਦਮ ਹਰ ਕਿਸਮ ਦੇ ਵਾਹਨਾਂ ਅਤੇ ਸਾਰੀਆਂ ਕੀਮਤਾਂ ਦੀਆਂ ਰੇਂਜਾਂ ਦੇ ਸਵਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਲੰਮਾ ਸਫ਼ਰ ਤੈਅ ਕਰੇਗਾ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2020 ‘ਚ ਰਾਸ਼ਟਰੀ ਰਾਜਮਾਰਗ ‘ਤੇ ਕੁੱਲ 1.16 ਲੱਖ ਸੜਕ ਹਾਦਸੇ ਹੋਏ, ਜਿਨ੍ਹਾਂ ‘ਚ 47,984 ਲੋਕਾਂ ਦੀ ਮੌਤ ਹੋਈ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਗਡਕਰੀ ਨੇ ਪਿਛਲੇ ਸਾਲ ਕਿਹਾ ਸੀ ਕਿ ਛੋਟੀਆਂ ਕਾਰਾਂ, ਜੋ ਮੁੱਖ ਤੌਰ ‘ਤੇ ਹੇਠਲੇ ਮੱਧ ਵਰਗ ਵੱਲੋਂ ਪਸੰਦ ਕੀਤੀਆਂ ਜਾਂਦੀਆਂ ਹਨ, ਵਿੱਚ ਹਾਦਸੇ ਦੀ ਸਥਿਤੀ ਵਿੱਚ ਸਵਾਰੀਆਂ ਦੀ ਜਾਨ ਬਚਾਉਣ ਲਈ ਸਹੀ ਏਅਰਬੈਗ ਹੋਣੇ ਚਾਹੀਦੇ ਹਨ। ਹਾਲਾਂਕਿ ਉਨ੍ਹਾਂ ਕਿਹਾ ਸੀ ਕਿ ਜੇਕਰ ਜ਼ਿਆਦਾ ਏਅਰਬੈਗ ਦਿੱਤੇ ਜਾਂਦੇ ਹਨ ਤਾਂ ਕਾਰਾਂ ਦੀਆਂ ਕੀਮਤਾਂ ‘ਚ 4,000 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।