ਨਵੀਂ ਦਿੱਲੀ : ਭਾਰਤ ਦੀ ਤੀਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਲਿ. ਨੇ ਕਿਹਾ ਕਿ ਸਰਕਾਰ ਕੰਪਨੀ ‘ਚ ਕਰੀਬ 36 ਫੀਸਦੀ ਹਿੱਸੇਦਾਰੀ ਦੀ ਮਲਕੀਅਤ ਆਪਣੇ ਕੋਲ ਰੱਖੇਗੀ। ਦਰਅਸਲ, ਕੰਪਨੀ ਦੇ ਬੋਰਡ ਨੇ ਕੰਪਨੀ ਦੇ ਕਰਜ਼ਿਆਂ ਨੂੰ ਇਕੁਇਟੀ ਵਿੱਚ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਦੇ ਸਪੈਕਟ੍ਰਮ ਨਿਲਾਮੀ ਦੀਆਂ ਕਿਸ਼ਤਾਂ ਅਤੇ ਏ.ਜੀ.ਆਰ. ਯਾਨੀ ਐਡਜਸਟਡ ਗ੍ਰਾਸ ਰੈਵੇਨਿਊ ਦੇ ਕਰਜ਼ੇ ਨੂੰ ਇਕੁਇਟੀ ਵਿੱਚ ਬਦਲਿਆ ਜਾਵੇਗਾ।
ਰਿਪੋਰਟਾਂ ਮੁਤਾਬਕ ਵੋਡਾਫੋਨ-ਆਈਡੀਆ ਸਟਾਕ ਐਕਸਚੇਂਜ ਫਾਈਲਿੰਗ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਪਰਿਵਰਤਨ ਤੋਂ ਬਾਅਦ ਵੋਡਾਫੋਨ ਗਰੁੱਪ ਕੋਲ 28.5 ਫੀਸਦੀ ਅਤੇ ਆਦਿਤਿਆ ਬਿਰਲਾ ਸਮੂਹ ਦੀ 17.8 ਫੀਸਦੀ ਹਿੱਸੇਦਾਰੀ ਹੋਵੇਗੀ।
ਇਸ ਨੂੰ ਵੋਡਾਫੋਨ ਆਈਡੀਆ ਨੂੰ ਬਚਾਉਣ ਦਾ ਪਲਾਨ ਕਿਹਾ ਜਾ ਰਿਹਾ ਹੈ ਕਿਉਂਕਿ ਕੰਪਨੀ ਪਿਛਲੇ ਕਈ ਸਾਲਾਂ ਤੋਂ ਟੈਲੀਕਾਮ ਮਾਰਕੀਟ ‘ਚ ਸੰਘਰਸ਼ ਕਰ ਰਹੀ ਹੈ। ਵੋਡਾਫੋਨ ਗਰੁੱਪ ਦਾ ਸਾਲ 2018 ਵਿੱਚ ਕੁਮਾਰ ਮੰਗਲਮ ਬਿਰਲਾ ਦੀ ਕਾਂਗਲੋਮਰੇਟ ਕੰਪਨੀ ਨਾਲ ਰਲੇਵਾਂ ਹੋ ਗਿਆ ਸੀ। ਉਸ ਦੀ ਕੰਪਨੀ ਆਈਡੀਆ ਅਤੇ ਵੋਡਾਫੋਨ ਇਕੱਠੇ ਆਏ ਅਤੇ ਵੋਡਾਫੋਨ-ਆਈਡੀਆ ਬਣ ਗਈ। ਪਿਛਲੇ ਸਾਲ ਕੰਪਨੀ ਨੂੰ ਬ੍ਰਾਂਡ ਕੀਤਾ ਗਿਆ ਸੀ ਅਤੇ ਇੱਕ ਨਵਾਂ ਨਾਮ ‘Vi’ ਦਿੱਤਾ ਗਿਆ ਸੀ, ਪਰ ਸਖ਼ਤ ਬਾਜ਼ਾਰ ਵਿੱਚ ਕੰਪਨੀ ਅਜੇ ਵੀ ਕਈ ਵਿੱਤੀ ਸਮੱਸਿਆਵਾਂ ਵਿੱਚੋਂ ਲੰਘ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਰਿਲਾਇੰਸ ਜੀਓ ਦੇ ਲਾਂਚ ਹੋਣ ਤੋਂ ਬਾਅਦ ਤੋਂ ਹੀ ਕੰਪਨੀ ਨੂੰ ਉਸ ਅਤੇ ਏਅਰਟੈੱਲ ਵਿਚਾਲੇ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਗਾਹਕਾਂ ਦੀ ਵੱਡੀ ਗਿਣਤੀ ਸ਼ਿਫਟ ਹੋ ਗਈ ਹੈ। ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਨੇ 2016 ਵਿੱਚ ਲਾਂਚ ਹੋਣ ਤੋਂ ਬਾਅਦ ਟੈਲੀਕਾਮ ਸੈਕਟਰ ਵਿੱਚ ਪ੍ਰਾਈਸ ਵਾਰ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਬਾਜ਼ਾਰ ਸਸਤਾ ਹੋ ਗਿਆ, ਪਰ ਦੂਜੀਆਂ ਟੈਲੀਕਾਮ ਕੰਪਨੀਆਂ ਲਈ ਚੀਜ਼ਾਂ ਬਹੁਤ ਮੁਸ਼ਕਲ ਹੋ ਗਈਆਂ ਸਨ।
ਵੋਡਾਫੋਨ ਪਿਛਲੇ ਕੁਝ ਸਮੇਂ ਤੋਂ ਸੁਪਰੀਮ ਕੋਰਟ ਵਿੱਚ ਏਜੀਆਰ ਬਕਾਏ ਨੂੰ ਲੈ ਕੇ ਲੜਾਈ ਲੜ ਰਿਹਾ ਸੀ। ਵੋਡਾਫੋਨ ਆਈਡੀਆ ਲਈ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਕੰਪਨੀ ‘ਤੇ 58,000 ਕਰੋੜ ਰੁਪਏ ਦਾ ਬਕਾਇਆ ਸੀ।