ਅਮਰੀਕਾ ਦੇ ਬਾਅਦ ਭਾਰਤ ਰੋਡ ਨੈਟਵਰਕ ਦੇ ਮਾਮਲੇ ਵਿਚ ਦੁਨੀਆ ਵਿਚ ਦੂਜੇ ਨੰਬਰ ‘ਤੇ ਆ ਗਿਆ ਹੈ। ਖਾਸ ਗੱਲ ਹੈ ਕਿ ਇਸ ਮਾਮਲੇ ਵਿਚ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਇੰਡੀਆ ਨੇ 2014 ਦੇ ਬਾਅਦ ਤੋਂ 1.45 ਲੱਖ ਕਿਲੋਮੀਟਰ ਸੜਕ ਨੈਟਵਰਕ ਜੋੜ ਕੇ ਚੀਨ ਨੂੰ ਮਾਤ ਦਿੰਦੇ ਹੋਏ ਦੂਜਾ ਸਥਾਨ ਹਾਸਲ ਕਰ ਲਿਆ ਹੈ।
ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਨੂੰ ਰੋਡ ਇੰਫਰਾ ਦੇ ਖੇਤਰ ਵਿਚ ਹਾਸਲ ਹੋਈ ਇਸ ਉਪਲਬਧੀ ਬਾਰੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ। ਉਨ੍ਹਾਂ ਕਿਹਾ ਕਿ ਰੋਡ ਨੈਟਵਰਕ ਦੇ ਮਾਮਲੇ ਵਿਚ ਹੁਣ ਭਾਰਤ ਅਮਰੀਕਾ ਦੇ ਬਾਅਦ ਦੁਨੀਆ ਵਿਚ ਦੂਜੇ ਨੰਬਰ ‘ਤੇ ਹੈ। ਗਡਕਰੀ ਨੇ ਬਤੌਰ ਸੜਕ ਆਵਾਜਾਈ ਮੰਤਰੀ ਆਪਣੇ ਕਾਰਜਕਾਲ ਦੌਰਾਨ ਮੰਤਰਾਲੇ ਦੀਆਂ ਉਪਲਬਧੀਆਂ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿਚ ਭਾਰਤ ਵਿਚ ਕਈ ਗ੍ਰੀਨਫੀਲਡ ਐਕਸਪ੍ਰੈਸਵੇਅਜ਼ ਜੋੜੇ ਹਨ ਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਲੰਬੇ ਦਿੱਲੀ-ਮੁੰਬਈ ਐਕਸਪ੍ਰੈਸ ਵੇ ਦਾ ਨਿਰਮਾਣ ਲਗਭਗ ਪੂਰਾ ਕਰ ਲਿਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ 9 ਸਾਲ ਪਹਿਲਾਂ ਭਾਰਤ ਦਾ ਸੜਕ ਨੈਟਵਰਕ 91287 ਸੀ। ਅਪ੍ਰੈਲ 2019 ਤੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਦੇਸ਼ ਭਰ ਵਿਚ 30,000 ਕਿਲੋਮੀਟਰ ਤੋਂ ਜ਼ਿਆਦਾ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਕੀਤਾ ਹੈ। ਇਨ੍ਹਾਂ ਵਿਚ ਕਈ ਮੁੱਖ ਐਕਸਪ੍ਰੈਸ ਵੇ ਸ਼ਾਮਲ ਹਨ।
ਦੇਸ਼ ਵਿਚ ਹਾਈਵੇ ਤੇ ਐਕਸਪ੍ਰੈਸਵੇ ਨਿਰਮਾਣ ਦੌਰਾਨ NHAI ਨੇ 7 ਵਿਸ਼ਵ ਰਿਕਾਰਡ ਬਣਾਏ। ਇਸ ਸਾਲ ਮਈ ਵਿਚ NHAI ਨੇ 100 ਘੰਟੇ ਅੰਦਰ 100 ਕਿਲੋਮੀਟਰ ਲੰਬਾ ਨਵਾਂ ਐਕਸਪ੍ਰੈਸ ਵੇ ਤਿਆਰ ਕੀਤਾ। ਅਗਸਤ 2022 ਵਿਚ 105 ਘੰਟੇ ਤੇ 33 ਮਿੰਟ ਦੇ ਰਿਕਾਰਡ ਸਮੇਂ ਵਿਚ NH053 ‘ਤੇ 75 ਕਿਲੋਮੀਟਰ ਲਗਾਤਾਰ ਸਿੰਗਲ ਬਿਟੁਮਿਨਸ ਕੰਕੀਟ ਸੜਕ ਦਾ ਸਫਲਤਾਪੂਰਵਕ ਨਿਰਮਾਣ ਕੀਤਾ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਾਇਆ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਰੋਡ ਤੇ ਹਾਈਵੇ ਤੋਂ ਆਉਣ ਵਾਲਾ ਮਾਲੀਆ ਵੀ ਵਧਿਆ ਹੈ। ਉਨ੍ਹਾਂ ਦੱਸਿਆ ਕਿ ਟੋਲ ਕਲੈਕਸ਼ਨ 9 ਸਾਲ ਪਹਿਲਾਂ ਦੇ 4770 ਕਰੋੜ ਰੁਪਏ ਤੋਂ ਵਧ ਕੇ 41342 ਕਰੋੜ ਰੁਪਏ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: