ਨੌਕਰੀਪੇਸ਼ਾ ਲੋਕਾਂ ਲਈ ਇੱਕ ਬੁਰੀ ਖਬਰ ਹੈ। ਵਧਦੀ ਮਹਿੰਗਾਈ ਦੇ ਇਸ ਦੌਰ ਵਿੱਚ ਸ਼ੁੱਕਰਵਾਰ ਤੋਂ ਪ੍ਰੋਵੀਡੇਂਟ ਫੰਡ ਖਾਤੇ ਵਿੱਚ ਇੱਕ ਮਾਲੀ ਵਰ੍ਹੇ ਵਿੱਚ ਢਾਈ ਲੱਖ ਰੁਪਏ ਤੋਂ ਵੱਧ ਜਮ੍ਹਾ ਕੀਤੀ ਗਈ ਰਕਮ ‘ਤੇ ਟੈਕਸ ਲਗਾਉਣ ਦਾ ਮਤਾ ਲਾਗੂ ਹੋ ਗਿਆ ਹੈ।
ਯੂਕਰੇਨ ਜੰਗ ਕਰਕੇ ਕੌਮਾਂਤਰੀ ਤੇਲ ਬਾਜ਼ਾਰ ਵਿੱਚ ਕੱਚੇ ਤੇਲ ਤੇ ਗੈਸ ਦੀਆਂ ਕੀਮਤਾਂ ਵਿੱਚ ਉਥਲ-ਪੁਥਲ ਕਰਕੇ ਭਾਰਤ ਵਿੱਚ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ, ਏਵੀਏਸ਼ਨ ਟਰਬਾਈਨ ਫਿਊਲ ਤੇ ਲਗਭਗ 800 ਜ਼ਰੂਰੀ ਦਵਾਈਆਂ ਵੀ ਮਹਿੰਗੀਆਂ ਹੋ ਗਈਆਂ ਹਨ। ਤੇ ਹੁਣ ਪ੍ਰੋਵੀਡੇਂਟ ਫੰਡ ਵਿੱਚ ਜੇ ਤੁਸੀਂ ਢਾਈ ਲੱਖ ਤੋਂ ਵੱਧ ਰਕਮ ਜਮ੍ਹਾ ਕਰੋਗੇ ਤਾਂ ਉਸ ‘ਤੇ ਮਿਲਣ ਵਾਲੇ ਵਿਆਜ ‘ਤੇ ਤੁਹਾਨੂੰ ਨਵੇਂ ਮਾਲੀ ਵਰ੍ਹੇ ਤੋਂ ਟੈਕਸ ਲੱਗੇਗਾ।
ਇਨਕਮ ਟੈਕਸ ਵਿਭਾਗ ਮੁਤਾਬਕ ਇਹ ਨਵੀਂ ਵਿਵਸਥਾ 1 ਅਪ੍ਰੈਲ 2022 ਤੋਂ ਲਾਗੂ ਕੀਤੀ ਜਾ ਰਹੀ ਹੈ ਯਾਨੀ 1 ਅਪ੍ਰੈਲ, 2022 ਤੋਂ ਤੁਸੀਂ ਜੇ ਢਾਈ ਲੱਖ ਤੋਂ ਵੱਧ ਪੀ.ਐੱਫ. ਵਿੱਚ ਜਮ੍ਹਾ ਕਰੋਗੇ ਤਾਂ ਉਸ ਵਾਧੂ ਰਕਮ ‘ਤੇ ਤੁਹਾਨੂੰ ਮਿਲਣ ਵਾਲੇ ਵਿਆਜ ‘ਤੇ ਟੈਕਸ ਦੇਣਾ ਪਏਗਾ। ਤੁਹਾਡੀ ਸਾਲਾਨਾ ਆਮਦਨ ਜਿਸ ਟੈਕਸ ਸਲੈਬ ਵਿੱਚ ਆਉਂਦੀ ਹੈ, ਉਸੇ ਅਨੁਪਾਤ ਵਿੱਚ ਤੁਹਾਡੇ ਪੀ.ਐੱਫ. ‘ਤੇ ਵਿਆਜ ਤੋਂ ਹੋਣ ਵਾਲੀ ਕਮਾਈ ‘ਤੇ ਟੈਕਸ ਰੇਟ ਲੱਗੇਗਾ।
1 ਅਪ੍ਰੈਲ 2022 ਤੋਂ ਮੌਜੂਦਾ ਪੀ.ਐੱਫ. ਅਕਾਊਂਟ ਨੂੰ ਦੋ ਹਿੱਸਿਆਂ ਵਿੱਚ ਵੰਡ ਜਾਏਗਾ। ਦਰਅਸਲ ਢਾਈ ਲੱਖ ਦੀ ਸੀਮਾ ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਲਈ ਹੈ ਜਦਕਿ ਸਰਕਾਰੀ ਕਰਮਚਾਰੀਆਂ ਲਈ ਇਹ ਸੀਮਾ ਪੰਜ ਲੱਖ ਰੁਪਏ ਤੱਕ ਹੋਵੇਗੀ। ਸਰਕਾਰ ਦਾ ਤਰਕ ਹੈ ਕਿ ਪੈਸੇ ਵਾਲੇ ਲੋਕ ਟੈਕਸ ਬਚਾਉਣ ਲਈ ਕਾਫੀ ਪੈਸਾ ਪ੍ਰੋਵੀਡੇਂਟ ਫੰਡ ਵਿੱਚ ਜਮ੍ਹਾ ਕਰਨ ਲੱਗੇ ਹਨ ਤੇ ਉਸ ‘ਤੇ ਟੈਕਸ ਲਾਉਣਾ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਸ ਮੱਦੇ ‘ਤੇ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੇਂਸ ਆਫ ਇੰਡੀਆ ਦੇ ਪ੍ਰਧਾਨ ਨੇ ਕਿਹਾ ਕਿ ਪੀ.ਐੱਫ. ਫੰਡ ਸੋਸ਼ਲ਼ ਸਕਿਓਰਿਟੀ ਦਾ ਜ਼ਰੀਆ ਹੈ। ਸਰਕਾਰ ਦੀ ਨਜ਼ਰ ਵੱਧ ਕਮਾਈ ਕਰਨ ਵਾਲੇ ਕਰਮਚਾਰੀਆਂ ‘ਤੇ ਹੈ ਪਰ ਪੀ.ਐੱਫ. ਦੇ ਪੈਸੇ ‘ਤੇ ਟੈਕਸ, ਇਹ ਇੱਕ ਮੁਸ਼ਕਲ ਸਵਾਲ ਹੈ। ਦੱਸ ਦੇਈਏ ਕਿ ਪਿਛਲੇ ਹੀ ਮਹੀਨੇ EPFO ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਨੇ ਪੀ.ਐੱਫ. ‘ਤੇ ਵਿਆਜ ਦਰ 8.5 ਫੀਸਦੀ ਤੋਂ ਘਟਾ ਕੇ 8.1 ਫੀਸਦੀ ਕਰ ਦਿੱਤਾ ਸੀ।