ਪੰਜਾਬ ਕਾਂਗਰਸ ਤੋਂ ਸਸਪੈਂਡ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਕਾਂਗਰਸ ਪਾਰਟੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਜੇ ਤੱਕ ‘ਕਾਂਗਰਸ ਜੋੜੋ’ ਦਾ ਖਾਕਾ ਨਹੀਂ ਮਿਲਿਆ ਜਾਪਦਾ ਹੈ। ਉਨ੍ਹਾਂ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਬਾਰੇ ਵੀ ਸਵਾਲ ਉਠਾਏ।
ਵਿਧਾਇਕ ਸੰਦੀਪ ਜਾਖੜ ਨੇ ਦੱਸਿਆ ਕਿ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਮੀਤ ਪ੍ਰਧਾਨਾਂ ਅਕਸ਼ੈ ਸ਼ਰਮਾ ਅਤੇ ਉਦੈਵੀਰ ਢਿੱਲੋਂ ਨੂੰ ਪਹਿਲਾਂ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਉਨ੍ਹਾਂ ਨੇ ‘ਕਾਂਗਰਸ ਜੋੜੋ’ ਦਾ ਖਾਕਾ ਵੈੱਬਸਾਈਟ ’ਤੇ ਨਾ ਮਿਲਣ ’ਤੇ ਤਾਅਨਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੀਆਂ ਚੋਣਾਂ ‘ਤੇ ਖਰਚ ਕੀਤੀ ਗਈ ਭਾਰੀ ਰਕਮ ਨੂੰ ਵੇਖਦਾ ਹਾਂ ਤਾਂ ਸਵਾਲ ਉਠਦੇ ਹਨ।
ਦਰਅਸਲ ਪਿਛਲੇ ਦਿਨੀਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਹੋਈ ਸੀ। ਪਰ ਉਸੇ ਦਿਨ ਤੋਂ ਹੀ ਉਪ ਪ੍ਰਧਾਨ ਅਕਸ਼ੈ ਸ਼ਰਮਾ ਪਾਰਟੀ ਆਗੂਆਂ ‘ਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਨਾ ਕਰਵਾਉਣ ਦੇ ਦੋਸ਼ ਲਗਾ ਰਹੇ ਹਨ। ਅਕਸ਼ੈ ਨੇ ਕਿਹਾ ਕਿ ਉਹ ਵੋਟਾਂ ਦੀ ਗਿਣਤੀ ਵਿੱਚ ਬਹੁਤ ਅੱਗੇ ਸਨ, ਪਰ ਪਾਰਟੀ ਦੇ ਸੀਨੀਅਰ ਆਗੂਆਂ ਨੇ ਜਾਅਲੀ ਵੋਟਿੰਗ ਦਾ ਹਵਾਲਾ ਦੇ ਕੇ ਪ੍ਰਕਿਰਿਆ ਨੂੰ ਰੋਕ ਦਿੱਤਾ। ਫਿਰ ਕਾਫੀ ਸਮੇਂ ਬਾਅਦ ਮੁੜ ਗਿਣਤੀ ਹੋਣ ‘ਤੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਆਪਣੇ ਖਾਤੇ ‘ਚ ਜਾਅਲੀ ਵੋਟ ਦਿਖਾ ਕੇ ਜੇਤੂ ਐਲਾਨ ਦਿੱਤਾ ਗਿਆ।
ਅਕਸ਼ੈ ਸ਼ਰਮਾ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਗਰੁੱਪ ਦੇ ਸਾਰੇ ਇੰਚਾਰਜਾਂ ਅਤੇ ਹੋਰ ਵਰਕਰਾਂ ਦੀ ਜਿੱਤ ਹੋਈ ਹੈ। ਅਜਿਹੀ ਸਥਿਤੀ ਵਿੱਚ ਉਹ ਖੁਦ ਕਿਵੇਂ ਹਾਰ ਸਕਦਾ ਹੈ। ਅਕਸ਼ੈ ਸ਼ਰਮਾ ਅਤੇ ਉਸ ਦੇ ਧੜੇ ਦੇ ਰੋਸ ਵਿੱਚ ਪੰਜਾਬ ਪ੍ਰਧਾਨ ਰਾਜਾ ਵੜਿੰਗ ਸਣੇ ਸਾਰੇ ਸੀਨੀਅਰ ਆਗੂਆਂ ਤੋਂ ਇਲਾਵਾ ਦਿੱਲੀ ਹਾਈਕਮਾਂਡ ਦਫ਼ਤਰ ਦੇ ਬਾਹਰ ਧਰਨੇ ਤੱਕ ਪਹੁੰਚ ਗਏ ਹਨ।
ਇਹ ਵੀ ਪੜ੍ਹੋ : ‘ਜਸਟਿਸ ਫਾਰ ਸਿੱਧੂ’, ਮੂਸੇਵਾਲਾ ਦੇ ਨਾਂ ਦਾ ਕੁੜਤਾ, ਪਿਤਾ ਬਲਕੌਰ ਸਿੰਘ ਨੇ ਉਤੇ ਲਿਖਾਈ ਤਰੀਕਾਂ ਨਾਲ ਸ਼ਾਇਰੀ
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੰਦੀਪ ਜਾਖੜ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਾਉਂਦਿਆਂ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਸੀ। ਇਸ ‘ਤੇ ਹਾਈਕਮਾਂਡ ਵੱਲੋਂ ਸੰਦੀਪ ਜਾਖੜ ਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਜਾਖੜ ਨੇ ਇਸ ਮਾਮਲੇ ‘ਤੇ ਪਾਰਟੀ ਤੋਂ ਮੁਆਫੀ ਨਾ ਮੰਗਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਘੱਟੋ-ਘੱਟ ਉਨ੍ਹਾਂ ਦਾ ਪੱਖ ਜਾਣ ਲੈਣਾ ਚਾਹੀਦਾ ਸੀ। ਇਸ ਦੇ ਨਾਲ ਹੀ ਵੜਿੰਗ ਅਤੇ ਜਾਖੜ ਵਿਚਾਲੇ ਪਿਛਲੇ ਕਰੀਬ ਇਕ ਸਾਲ ਤੋਂ ਸ਼ਬਦੀ ਜੰਗ ਚੱਲ ਰਹੀ ਹੈ।
ਸੰਦੀਪ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕੋਈ ਕੰਮ ਲੁਕ-ਛਿਪ ਕੇ ਨਹੀਂ ਕੀਤਾ, ਜੋ ਵੀ ਕੀਤਾ, ਖੁੱਲ੍ਹ ਕੇ ਕੀਤਾ। ਉਨ੍ਹਾਂ ਕਿਹਾ ਕਿ ਉਹ ਅਬੋਹਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: