ਅੰਮ੍ਰਿਤਸਰ : ਪੰਜਾਬ ਵਿੱਚ ਲੁਟੇਰੇ ਬੇਖੌਫ ਹੋ ਕੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਦਿਨ-ਦਿਹਾੜੇ ਸ਼ਰੇਆਮ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ, ਜਿਥੇ ਬੀ ਡਵੀਜ਼ਨ ਥਾਣੇ ਤੋਂ ਕਰੀਬ 100 ਕਦਮ ਦੂਰ ਚਾਰ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਕੱਪੜਾ ਵਪਾਰੀ ਅਤੇ ਮਨੀ ਐਕਸਚੇਂਜ ਰਣਜੀਤ ਸਿੰਘ ਤੋਂ ਦਸ ਲੱਖ ਰੁਪਏ ਲੁੱਟ ਲਏ।
ਇਹ ਘਟਨਾ ਐਤਵਾਰ ਸਵੇਰੇ 11 ਵਜੇ ਦੇ ਕਰੀਬ ਉਸ ਦੀ ਦੁਕਾਨ ‘ਤੇ ਵਾਪਰੀ। ਅਪਰਾਧੀਆਂ ਨੂੰ ਅਪਰਾਧ ਕਰਨ ਵਿੱਚ ਸਿਰਫ 44 ਸੈਕੰਡ ਲੱਗੇ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਏਡੀਸੀਪੀ ਹਰਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਅਲਰਟ ਕਰ ਦਿੱਤਾ ਹੈ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੀ ਡਿਵੀਜ਼ਨ ਥਾਣੇ ਦੇ ਕੋਲ ਕੱਪੜਿਆਂ ਦੀ ਦੁਕਾਨ ਹੈ। ਇੱਥੇ ਉਹ ਮਨੀ ਐਕਸਚੇਂਜ ਦਾ ਕੰਮ ਵੀ ਕਰਦਾ ਹੈ। ਉਹ ਐਤਵਾਰ ਸਵੇਰੇ ਆਪਣੀ ਦੁਕਾਨ ‘ਤੇ ਬੈਠਾ ਸੀ। ਇਸ ਦੌਰਾਨ ਚਾਰ ਨਕਾਬਪੋਸ਼ ਨੌਜਵਾਨ ਉਸਦੀ ਦੁਕਾਨ ‘ਤੇ ਪਹੁੰਚੇ।ਇਕ ਨੌਜਵਾਨ ਦੁਕਾਨ ਦੇ ਬਾਹਰ ਰੁਕਿਆ ਅਤੇ ਤਿੰਨ ਅੰਦਰ ਪਹੁੰਚੇ ਅਤੇ ਉਸ ਤੋਂ ਦੂਜੇ ਦੇਸ਼ ਦੀ ਕਰੰਸੀ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਬਲਬੀਰ ਸਿੱਧੂ ਦਾ ਛਲਕਿਆ ਦਰਦ- ਹਾਈਕਮਾਨ ਨੂੰ ਪੁੱਛਿਆ ਸਵਾਲ- ਦੱਸੋ ਸਾਡਾ ਕਸੂਰ ਕੀ ਹੈ
ਅਚਾਨਕ ਤਿੰਨ ਲੁਟੇਰਿਆਂ ਨੇ ਪਿਸਤੌਲ ਕੱਢ ਲਈ ਅਤੇ ਦੋਸ਼ੀਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਗੱਲੇ ਵਿੱਚ ਰੱਖੇ 8.50 ਲੱਖ ਰੁਪਏ ਕੱਢ ਲਏ। ਉਸ ਦੇ ਭਰਾ ਦੇ ਗਲੇ ਤੋਂ ਸੋਨੇ ਦੀ ਚੇਨ ਉਤਰਵਾਈ ਤੇ ਉਹ ਵੀ ਲੈ ਗਏ। ਦੋਸ਼ੀ ਦੁਕਾਨ ‘ਤੇ ਪਿਆ ਆਧਾਰ ਕਾਰਡ ਦਾ ਲਿਫਾਫਾ ਵੀ ਪੈਸਾ ਸਮਝ ਕੇ ਲੈ ਗਏ। ਇਸ ਦੇ ਨਾਲ ਹੀ ਉਸ ਦੀ ਦੁਕਾਨ ‘ਤੇ ਇੱਕ ਵਿਅਕਤੀ ਆਪਣੇ ਭਰਾ ਨੂੰ ਇੰਗਲੈਂਡ ਵਿੱਚ ਇੱਕ ਲੱਖ ਭਿਜਵਾਉਣ ਆਇਆ ਸੀ, ਉਸ ਤੋਂ ਵੀ ਦੋਸ਼ੀਆਂ ਨੇ ਉਹ ਇੱਕ ਲੱਖ ਰੁਪਏ ਖੋਹ ਲਏ।