ਓਡੀਸ਼ਾ ਦੇ ਸੰਬਲਪੁਰ ਜ਼ਿਲੇ ਦੇ ਡਿਮਰੀਕੁਡਾ ਪਿੰਡ ‘ਚ ਜਾਦੂ-ਟੂਣਾ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਕਿਸਿੰਡਾ ਪੁਲਿਸ ਅਨੁਸਾਰ ਇਹ ਘਟਨਾ ਸੋਮਵਾਰ ਦੀ ਹੈ, ਜਿੱਥੇ 50 ਸਾਲਾ ਸ਼ੁਕਰੂ ਮਾਝੀ ‘ਤੇ ਉਸ ਦੇ ਹੀ ਗੁਆਂਢੀ ਨੇ ਕਾਲਾ ਜਾਦੂ ਕਰਨ ਦਾ ਦੋਸ਼ ਲਗਾਇਆ ਸੀ।
ਮਾਝੀ ਦੇ ਗੁਆਂਢੀ ਸੰਜੂ ਨੂੰ ਸ਼ੱਕ ਹੈ ਕਿ ਚਾਰ ਸਾਲ ਪਹਿਲਾਂ ਮਾਝੀ ਦੇ ਕਾਲੇ ਜਾਦੂ ਕਾਰਨ ਉਸ ਨੇ ਆਪਣਾ ਚਾਰ ਸਾਲ ਦਾ ਬੇਟਾ ਗੁਆ ਦਿੱਤਾ ਸੀ। ਇਸ ਕਾਰਨ ਉਨ੍ਹਾਂ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ।
ਮਾਝੀ ਦੀ ਪਤਨੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਸੋਮਵਾਰ ਰਾਤ ਨੂੰ ਚਾਰ-ਪੰਜ ਬੰਦੇ ਡੰਡੇ ਅਤੇ ਕੁਹਾੜਿਆਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ‘ਚ ਦਾਖਲ ਹੋਏ ਅਤੇ ਸ਼ੁਕਰੂ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਮਾਝੀ ਦੀ ਪਤਨੀ ਘਰ ਦੇ ਪਿਛਲੇ ਪਾਸੇ ਕੰਮ ਕਰਦੀ ਸੀ। ਉਹ ਡਰ ਕੇ ਭੱਜ ਗਈ ਅਤੇ ਹਮਲਾਵਰ ਉਸ ਨੂੰ ਲੱਭ ਨਹੀਂ ਸਕੇ। ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਆਈ ਤਾਂ ਉਹ ਬੇਹੋਸ਼ ਪਿਆ ਸੀ।
ਪਤਨੀ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਮਾਝੀ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਾਅਦ ‘ਚ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਵੀ ਪੜ੍ਹੋ : ਠੱਗਾਂ ਦਾ ਨਵਾਂ ਤਰੀਕਾ, ਨਾ OTP ਭੇਜਿਆ, ਨਾ ਕੋਈ ਫੋਨ ਕਾਲ, ਫਿਰ ਵੀ Paytm ਖਾਤੇ ਤੋਂ ਉਡਾਏ 76,000 ਰੁ.
ਕਿਸਿੰਡਾ ਪੁਲਿਸ ਸਟੇਸ਼ਨ ਆਈ.ਟੀ. ਅੰਜਲੀ ਕੁੰਭਾਰ ਨੇ ਦੱਸਿਆ, “ਅਸੀਂ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਮੌਕੇ ਤੋਂ ਲਾਠੀਆਂ ਅਤੇ ਕੁਹਾੜੀਆਂ ਬਰਾਮਦ ਕੀਤੀਆਂ ਗਈਆਂ ਹਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।”
ਦੱਸ ਦੇਈਏ ਕਿ 2021 ਦੇ ਇੱਕ ਅਧਿਐਨ ਮੁਤਾਬਕ ਓਡੀਸ਼ਾ ਦੇਸ਼ ਵਿੱਚ ਜਾਦੂ-ਟੂਣਿਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਦੂਜੇ ਨੰਬਰ ‘ਤੇ ਹੈ। ਇਹ ਪ੍ਰਥਾ ਸੂਬੇ ਦੇ 30 ਵਿੱਚੋਂ 12 ਜ਼ਿਲ੍ਹਿਆਂ ਵਿੱਚ ਹੈ। ਖਾਸ ਕਰਕੇ ਮਯੂਰਭੰਜ, ਕਿਓਂਝਰ, ਸੁੰਦਰਗੜ੍ਹ, ਮਲਕਾਨਗਿਰੀ, ਗਜਪਤੀ ਅਤੇ ਗੰਜਮ ਵਿੱਚ।
ਵੀਡੀਓ ਲਈ ਕਲਿੱਕ ਕਰੋ -: