ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਇਸ ਵਿੱਚ ਹਸਪਤਾਲ ਦੇ ਕਰਮਚਾਰੀਆਂ ਨੇ ਵਧਾਈ ਲਈ ਇੱਕ ਔਰਤ ਦੀ ਡਿਲੀਵਰੀ 18000 ਰੁਪਏ ਵਿੱਚ ਪੰਜ ਘੰਟੇ ਲਈ ਰੋਕ ਦਿੱਤੀ। ਅਖੀਰ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕੰਨਾਂ ਦੀਆਂ ਵਾਲੀਆਂ ਉਤਾਰ ਦਿੱਤੀਆਂ। ਇਸ ਤੋਂ ਬਾਅਦ ਡਿਲੀਵਰੀ ਹੋ ਗਈ ਪਰ ਇਸ ਦੌਰਾਨ ਬੱਚੇ ਦੀ ਗਰਭ ‘ਚ ਹੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਔਰਤ ਦੇ ਰਿਸ਼ਤੇਦਾਰਾਂ ਨੇ ਦੋਸ਼ੀ ਨਰਸਿੰਗ ਕਰਮਚਾਰੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਾਮਲਾ ਲਾਤੇਹਾਰ ਜ਼ਿਲੇ ਦੇ ਹੇਰਹੰਜ ਬਲਾਕ ਹੈੱਡਕੁਆਰਟਰ ‘ਤੇ ਸਥਿਤ ਪ੍ਰਾਇਮਰੀ ਹੈਲਥ ਸੈਂਟਰ ਦਾ ਹੈ। ਦਲਿਤ ਭਾਈਚਾਰੇ ਦੀ ਇਕ ਔਰਤ ਸ਼ਨੀਵਾਰ ਨੂੰ ਇੱਥੇ ਡਿਲੀਵਰੀ ਲਈ ਆਈ ਸੀ। ਇੱਥੇ ਦੋ ਏਐਨਐਮ (ਨਰਸਾਂ) ਨੇ ਡਿਲੀਵਰੀ ਤੋਂ ਪਹਿਲਾਂ 18,000 ਰੁਪਏ ਮੰਗੇ। ਜਦੋਂ ਔਰਤ ਦੇ ਰਿਸ਼ਤੇਦਾਰਾਂ ਨੇ ਇਹ ਰਕਮ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਨਰਸਾਂ ਨੇ ਡਲਿਵਰੀ ਰੋਕ ਦਿੱਤੀ।
ਅਖੀਰ ਕਰੀਬ ਪੰਜ ਘੰਟੇ ਬਾਅਦ ਰਿਸ਼ਤੇਦਾਰਾਂ ਨੇ ਇਨ੍ਹਾਂ ਨਰਸਾਂ ਨੂੰ ਕੰਨਾਂ ਦੀਆਂ ਵਾਲੀਆਂ ਲਾਹ ਕੇ ਦਿੱਤੀਆਂ। ਇਸ ਤੋਂ ਬਾਅਦ ਡਿਲੀਵਰੀ ਕੀਤੀ ਗਈ, ਪਰ ਇਸ ਦੌਰਾਨ ਬੱਚੇ ਦੀ ਗਰਭ ਵਿੱਚ ਹੀ ਮੌਤ ਹੋ ਗਈ। ਰਿਸ਼ਤੇਦਾਰਾਂ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਹਸਪਤਾਲ ‘ਚ ਹੰਗਾਮਾ ਹੋ ਗਿਆ।
ਇਸ ਤੋਂ ਬਾਅਦ ਹਸਪਤਾਲ ਪ੍ਰਬੰਧਨ ਹਰਕਤ ‘ਚ ਆ ਗਿਆ ਅਤੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ। ਰਿਸ਼ਤੇਦਾਰਾਂ ਨੇ ਦੱਸਿਆ ਕਿ ਔਰਤ ਨੂੰ ਜਣੇਪੇ ਦਾ ਦਰਦ ਸ਼ੁਰੂ ਹੋਣ ‘ਤੇ ਹਸਪਤਾਲ ਲਿਜਾਇਆ ਗਿਆ। ਉਹ ਦਰਦ ਨਾਲ ਕੁਰਲਾ ਰਹੀ ਸੀ। ਆਪਣੇ ਲਾਲਚ ਕਰਕੇ ਹਸਪਤਾਲ ਦੇ ਸਟਾਫ ਨੇ ਉਸ ਦੀ ਡਲੀਵਰੀ ਰੋਕ ਦਿੱਤੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਜੇ ਸਮੇਂ ਸਿਰ ਡਿਲੀਵਰੀ ਹੋ ਜਾਂਦੀ ਤਾਂ ਉਨ੍ਹਾਂ ਦੇ ਬੱਚੇ ਦੀ ਜਾਨ ਬਚ ਸਕਦੀ ਸੀ।
ਇਹ ਵੀ ਪੜ੍ਹੋ : ਮੋਹਾਲੀ : ਰਿਟਾ. SDO ਵੱਲੋਂ ਖੁਦਕੁਸ਼ੀ, ਸ਼ਾਮ ਨੂੰ ਮਾਂ-ਪੁੱਤ ਨੇ ਵੀ ਦੇ ‘ਤੀ ਜਾਨ, ਪੂਰਾ ਪਰਿਵਾਰ ਖ਼ਤਮ
ਹੰਗਾਮਾ ਹੋਣ ਦੀ ਸੂਚਨਾ ‘ਤੇ ਇੰਚਾਰਜ ਮੈਡੀਕਲ ਅਫਸਰ ਸੁਰੇਸ਼ ਰਾਮ ਅਤੇ ਬੀਡੀਓ ਪ੍ਰਦੀਪ ਕੁਮਾਰ ਦਾਸ ਮੌਕੇ ‘ਤੇ ਪੁੱਜੇ। ਪੀੜਤ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਨਰਸਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦੂਜੇ ਪਾਸੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: