‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਤੂਫਾਨ ਦੀ ਗ੍ਰਿਫਤਾਰੀ ਤੋਂ ਬਾਅਦ ਵੀਰਵਾਰ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਹਜ਼ਾਰਾਂ ਸਿੰਘ ਪਹੁੰਚੇ। ਸਿੰਘਾਂ ਖਿਲਾਫ ਪੁਲਸ ਕੇਸ ਦਰਜ ਹੋਣ ਤੋਂ ਬਾਅਦ ਇਸ ਭੀੜ ਨੇ ਥਾਣੇ ਅੱਗੇ ਕਾਫੀ ਹੰਗਾਮਾ ਕਰ ਦਿੱਤਾ।
ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਮਰਥਕਾਂ ‘ਤੇ ਇੱਕ ਵਿਅਕਤੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਸੀ। ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਸਮਰਥਕ ਤਲਵਾਰਾਂ ਅਤੇ ਹੋਰ ਹਥਿਆਰ ਲੈ ਕੇ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਥਾਣੇ ਵਿੱਚ ਇਕੱਠੇ ਹੋਏ। ਉਨ੍ਹਾਂ ਪੁਲਿਸ ਵੱਲੋਂ ਲਾਏ ਬੈਰੀਕੇਡ ਵੀ ਤੋੜ ਦਿੱਤੇ।
ਅੰਮ੍ਰਿਤਪਾਲ ਸਿੰਘ ਨੇ ਹੰਗਾਮੇ ਮਗਰੋਂ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੂੰ ਕੇਸ ਰੱਦ ਕਰਨ ਲਈ ਲਿਖਤੀ ਰੂਪ ਵਿੱਚ ਦੇਣ ਦਾ ਫੈਸਲਾ ਕੀਤਾ ਹੈ ਅਤੇ ਭਲਕੇ ਕੇਸ ਰੱਦ ਕਰ ਦਿੱਤਾ ਜਾਵੇਗਾ। ਭਾਈ ਅੰਮ੍ਰਿਤਪਾਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤੂਫਾਨ ਸਿੰਘ ਨੂੰ ਵੀ ਭਲਕੇ ਰਿਹਾਅ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਭਾਈ ਅੰਮ੍ਰਿਤਪਾਲ ਨੇ ਇਹ ਵੀ ਕਿਹਾ ਕਿ ਅੱਜ ਸਾਡੇ 21 ਜਵਾਨ ਜ਼ਖਮੀ ਹੋਏ ਹਨ ਜਦਕਿ ਪੁਲਿਸ ਕਹਿ ਰਹੀ ਹੈ ਕਿ ਉਨ੍ਹਾਂ ਦੇ ਜਵਾਨ ਵੀ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪੁਲਿਸ ਤੋਂ ਲਿਖਤੀ ਨੋਟਿਸ ਲੈਣਾ ਹੈ ਕਿ ਪੁਲੀਸ ਅੱਜ ਕਿਸੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕਰੇਗੀ।
ਦੂਜੇ ਪਾਸੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਅੰਮ੍ਰਿਤਪਾਲ ਸਿੰਘ ਨੇ ਪੁਲੀਸ ਨੂੰ ਸਬੂਤ ਦੇ ਦਿੱਤੇ ਹਨ, ਜਿਸ ਦੇ ਆਧਾਰ ’ਤੇ ਤੂਫਾਨ ਸਿੰਘ ਨੂੰ ਰਿਹਾਅ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: